ਲਖਨਊ, 22 ਅਗਸਤ
ਸਾਈਬਰ ਅਪਰਾਧੀਆਂ ਨੇ ਲਖਨਊ ਨੂੰ ਇਕ ਵਾਰ ਫਿਰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਅਪਰਾਧੀਆਂ ਨੇ ਬਲਰਾਮਪੁਰ ਹਸਪਤਾਲ ਦੇ ਕੰਪਿਊਟਰ ਨੈੱਟਵਰਕ ਨੂੰ ਹੈਕ ਕਰਕੇ ਪਿਛਲੇ ਇਕ ਮਹੀਨੇ ਦੌਰਾਨ ਵੱਖ ਵੱਖ ਲੋਕਾਂ ਨੂੰ ਦਰਜਨਾਂ ਫਰਜ਼ੀ ਜਨਮ ਤੇ ਮੌਤ ਸਰਟੀਫਿਕੇਟ ਜਾਰੀ ਕੀਤੇ ਹਨ। ਹਸਪਤਾਲ ਪ੍ਰਸ਼ਾਸਨ ਨੇ ਸ਼ਨਿੱਚਰਵਾਰ ਨੂੰ ਅਣਪਛਾਤੇ ਹੈਕਰਾਂ ਖ਼ਿਲਾਫ਼ ਆਈਟੀ ਐਕਟ 2008 ਤਹਿਤ ਵਜ਼ੀਰਗੰਜ ਪੁਲੀਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕੀਤੀ ਹੈ। ਦਿਲਚਸਪ ਗੱਲ ਹੈ ਕਿ ਹਸਪਤਾਲ ਵਿੱਚ ਗਾਇਨੇਕਾਲੋਜੀ ਤੇ ਪ੍ਰਸੂਤਾ ਨਾਲ ਜੁੜੇ ਵਿੰਗ ਹੀ ਨਹੀਂ ਹਨ ਤੇ ਹਸਪਤਾਲ ਵਿੱਚ ਅੱਜ ਤੱਕ ਇਕ ਬੱਚੇ ਦਾ ਵੀ ਜਨਮ ਨਹੀਂ ਹੋਇਆ ਹੈ। ਹਸਪਤਾਲ ਪ੍ਰਸ਼ਾਸਨ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘੱਟੋ-ਘੱਟ 41 ਜਨਮ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਤਾਂ ਅਜੇ ਸ਼ੁਰੂਆਤ ਹੈ ਤੇ ਆਡਿਟ ਦੌਰਾਨ ਜਨਮ ਜਾਂ ਮੌਤ ਦੇ ਫ਼ਰਜ਼ੀ ਸਰਟੀਫਿਕੇਟਾਂ ਬਾਰੇ ਵੱਡਾ ਖੁਲਾਸਾ ਹੋ ਸਕਦਾ ਹੈ। -ਆਈਏਐੱਨਐੱਸ