ਲਖਨਊ, 29 ਜੂਨ
ਸੀਬੀਆਈ ਵੱਲੋਂ ਕਥਿਤ ਆਬਕਾਰੀ ਨੀਤੀ ਘੁਟਾਲੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤੇ ਜਾਣ ਖ਼ਿਲਾਫ਼ ਅੱਜ ਇੱਥੇ ਪਾਰਟੀ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਸਥਾਨਕ ਦਫ਼ਤਰ ਸਾਹਮਣੇ ਕੀਤਾ ਗਿਆ। ਇਸੇ ਦੌਰਾਨ ਕੌਮੀ ਰਾਜਧਾਨੀ ਦਿੱਲੀ ਵਿੱਚ ‘ਆਪ’ ਆਗੂਆਂ ਤੇ ਵਰਕਰਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਲਖਨਊ ਵਿੱਚ ਰੋਸ ਪ੍ਰਦਰਸ਼ਨ ਮੌਕੇ ਏਐੱਨਆਈ ਨਾਲ ਗੱਲਬਾਤ ਦੌਰਾਨ ਪਾਰਟੀ ਦੇ ਉੱਤਰ ਪ੍ਰਦੇਸ਼ ਯੂਥ ਵਿੰਗ ਦੇ ਪ੍ਰਧਾਨ ਪੰਕਜ ਅਵਾਨਾ ਨੇ ਕਿਹਾ, ‘‘ਅਰਵਿੰਦ ਕੇਜਰੀਵਾਲ ਨੂੰ ਗੈਰ-ਸੰਵਿਧਾਨਕ ਢੰਗ ਨਾਲ ਜੇਲ੍ਹ ਭੇਜਿਆ ਗਿਆ ਹੈ। ਉਨ੍ਹਾਂ ਦੀ ਗੈਰ-ਸੰਵਿਧਾਨਕ ਗ੍ਰਿਫ਼ਤਾਰੀ ਖ਼ਿਲਾਫ਼ ਅਸੀਂ ਲੜਦੇ ਰਹਾਂਗੇ। ਸੱਚ ਦੀ ਜਿੱਤ ਹੋਵੇਗੀ।’’ ਇਕ ਹੋਰ ‘ਆਪ’ ਆਗੂ ਇਰਮ ਰਿਜ਼ਵੀ ਨੇ ਕਿਹਾ, ‘‘ਅਸੀਂ ਡਰਾਂਗੇ ਨਹੀਂ। ਕੇਜਰੀਵਾਲ ਦੀ ਗ੍ਰਿਫ਼ਤਾਰੀ ਗੈਰ-ਸੰਵਿਧਾਨਕ ਹੈ।’’ -ਪੀਟੀਆਈ