ਲਖਨਊ (ਉੱਤਰ ਪ੍ਰਦੇਸ਼), 17 ਅਗਸਤ
ਲਖਨਊ ਦੇ ਨੇੜੇ ਚਿਨਹਾਟ ਖੇਤਰ ਵਿਚਲੇ ਗੋਦਾਮ ਵਿੱਚੋਂ 17 ਲੱਖ ਰੁਪਏ ਦੀ ਕੈਡਬਰੀ ਚਾਕਲੇਟ ਬਾਰ ਚੋਰੀ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲੀਸ ਨੇ ਚੋਰੀ ਸਬੰਧੀ ਕੇਸ ਦਰਜ ਕੀਤਾ ਹੈ। ਇਹ ਘਟਨਾ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਦੀ ਹੈ। ਚਾਕਲੇਟ ਵਿਤਰਕ ਰਾਜਿੰਦਰ ਸਿੰਘ ਸਿੱਧੂ ਨੇ ਕਿਹਾ, ‘ਅਸੀਂ ਚਿਨਹਾਟ ਥਾਣੇ ਵਿੱਚ ਐੱਫਆਈਆਰ ਦਰਜ ਕਰਵਾਈ ਹੈ। ਜੇ ਕਿਸੇ ਕੋਲ ਕੋਈ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਅੱਗੇ ਆਵੇ।’ ਪੁਲੀਸ ਨੇ ਧਾਰਾ 380 ਤਹਿਤ ਕੇਸ ਦਰਜ ਕਰ ਲਿਆ ਹੈ। ਐੱਫਆਈਆਰ ਵਿੱਚ ਸ੍ਰੀ ਸਿੱਧੂ ਨੇ ਕਿਹਾ ਕਿ ਉਹ ਚਾਕਲੇਟਾਂ ਨੂੰ ਸਟੋਰ ਕਰਨ ਲਈ ਘਰ ਨੂੰ ਗੋਦਾਮ ਵਜੋਂ ਵਰਤ ਰਿਹਾ ਸੀ ਅਤੇ ਮੰਗਲਵਾਰ ਨੂੰ ਉਸ ਦੇ ਗੁਆਂਢੀ ਦਾ ਫੋਨ ਆਇਆ ਕਿ ਘਰ ਦਾ ਦਰਵਾਜ਼ਾ ਟੁੱਟਿਆ ਹੋਇਆ ਹੈ। ਡਿਸਟ੍ਰੀਬਿਊਟਰ ਨੇ ਦੱਸਿਆ ਕਿ ਚੋਰ ਗੋਦਾਮ ਨੂੰ ਖਾਲੀ ਕਰਕੇ ਡਿਜੀਟਲ ਵੀਡੀਓ ਰਿਕਾਰਡਰ (ਡੀਵੀਆਰ) ਅਤੇ ਸੀਸੀਟੀਵੀ ਸੁਰੱਖਿਆ ਕੈਮਰਿਆਂ ਦਾ ਹੋਰ ਸਾਮਾਨ ਲੈ ਗਏ ਹਨ।