ਨਵੀਂ ਦਿੱਲੀ, 27 ਜਨਵਰੀ
ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਸ਼ੁੱਕਰਵਾਰ ਭਾਰਤ ਦੇ 75ਵੇਂ ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਹ ਕਰਤਵਿਆ ਪਥ ’ਤੇ ਹੋਈ ਸ਼ਾਨਦਾਰ ਫੌਜੀ ਪਰੇਡ ਦੇ ਗਵਾਹ ਬਣੇ। ਉਨ੍ਹਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸਭਿਆਚਾਰਕ ਪੇਸ਼ਕਾਰੀਆਂ ਦਾ ਆਨੰਦ ਵੀ ਮਾਣਿਆ। ਇਸ ਮੌਕੇ ਕਈ ਕੇਂਦਰੀ ਮੰਤਰੀ, ਵਿਦੇਸ਼ੀ ਦੂਤਾਵਾਸਾਂ ਦੇ ਅਧਿਕਾਰੀ ਅਤੇ ਹੋਰ ਮਹਿਮਾਨ ਹਾਜ਼ਰ ਸਨ। ਕਿਸੇ ਫਰਾਂਸੀਸੀ ਨੇਤਾ ਦੇ ਗਣਤੰਤਰ ਦਿਵਸ ਦੀ ਪਰੇਡ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣ ਦਾ ਇਹ ਛੇਵਾਂ ਮੌਕਾ ਸੀ। ਮੈਕਰੌਂ ਨੇ ਮਗਰੋਂ ‘ਐਕਸ’ ’ਤੇ ਪੋਸਟ ਕੀਤਾ, ‘ਫਰਾਂਸ ਲਈ ਇਹ ਵੱਡਾ ਸਨਮਾਨ ਹੈ। ਭਾਰਤ ਦਾ ਸ਼ੁਕਰੀਆ।’ ਉਨ੍ਹਾਂ ਇਕ ਵੀਡੀਓ ਵੀ ਪੋਸਟ ਕੀਤੀ ਜਿਸ ਵਿਚ ਫਰਾਂਸੀਸੀ ਬੈਂਡ ਤੇ ਫੌਜੀ ਟੁਕੜੀਆਂ ਕਰਤਵਿਆ ਪਥ ’ਤੇ ਮਾਰਚ ਕਰਦੇ ਹੋਏ ਨਜ਼ਰ ਆ ਰਹੇ ਹਨ। ਜਵਾਬ ਵਿਚ ਮੋਦੀ ਨੇ ਕਿਹਾ, ‘ਸਾਡੇ ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਲਈ ਫਰਾਂਸ ਦਾ ਦਿਲੋਂ ਧੰਨਵਾਦ। ਫੌਜੀ ਬੈਂਡ, ਮਾਰਚਿੰਗ ਟੁਕੜੀ, ਲੜਾਕੂ ਜਹਾਜ਼ਾਂ ਤੇ ਬਹੁਮੰਤਵੀ ਏਅਰਕਰਾਫਟ ਟੈਂਕਰ ਦੀ ਸ਼ਮੂਲੀਅਤ ਨੇ ਇਸ ਮੌਕੇ ਨੂੰ ਯਾਦਗਾਰੀ ਬਣਾ ਦਿੱਤਾ। ਰਾਸ਼ਟਰਪਤੀ ਮੈਕਰੌਂ ਦੀ ਮੌਜੂਦਗੀ ਭਾਰਤ-ਫਰਾਂਸ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੇਗੀ।’ ਦੱਸਣਯੋਗ ਹੈ ਕਿ 95 ਮੈਂਬਰੀ ਫਰਾਂਸੀਸੀ ਸੈਨਿਕ ਟੁਕੜੀ ਤੇ 30 ਮੈਂਬਰਾਂ ਦੇ ਬੈਂਡ ਨੇ ਵੀ ਪਰੇਡ ਵਿਚ ਹਿੱਸਾ ਲਿਆ ਸੀ। ਇਸ ਮੌਕੇ ਫਰਾਂਸੀਸੀ ਹਵਾਈ ਸੈਨਾ ਦੇ ਦੋ ਰਾਫਾਲ ਜਹਾਜ਼ ਤੇ ਇਕ ਏਅਰਬਸ ਏ330 ਮਲਟੀ-ਰੋਲ ਏਅਰਕਰਾਫਟ ਵੀ ਕਰਤਵਿਆ ਪਥ ਉਤੋਂ ਗੁਜ਼ਰੇ। ਮੈਕਰੌਂ ਨੇ ਭਾਰਤੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਵੀ ਦਿੱਤੀ। ਜ਼ਿਕਰਯੋਗ ਹੈ ਕਿ ਵੀਰਵਾਰ ਫਰਾਂਸੀਸੀ ਰਾਸ਼ਟਰਪਤੀ ਨੇ ਜੈਪੁਰ ਵਿਚ ਮੋਦੀ ਨਾਲ ਵਿਆਪਕ ਵਿਚਾਰ-ਚਰਚਾ ਕੀਤੀ ਸੀ। ਮੋਦੀ ਨੇ ਮੈਕਰੌਂ ਦੇ ਜੈਪੁਰ ਦੌਰੇ ਦੀ ਵੀਡੀਓ ਪੋਸਟ ਕਰਦਿਆਂ ਕਿਹਾ, ‘ਜੈਪੁਰ ਨੇ ਰਾਸ਼ਟਰਪਤੀ ਦਾ ਯਾਦਗਾਰੀ ਸਵਾਗਤ ਕੀਤਾ।’ -ਪੀਟੀਆਈ
ਫਰਾਂਸ ਦੇ ਰਾਸ਼ਟਰਪਤੀ ਵੱਲੋਂ ਨਿਜ਼ਾਮੂਦੀਨ ਔਲੀਆ ਦੀ ਦਰਗਾਹ ’ਤੇ ਸਿਜਦਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਲੰਘੀ ਸ਼ਾਮ ਦਿੱਲੀ ’ਚ ਨਿਜ਼ਾਮੂਦੀਨ ਔਲੀਆ ਦੀ ਦਰਗਾਹ ’ਤੇ ਸਿਜਦਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਸ਼ੁੱਕਰਵਾਰ ਸ਼ਾਮ ਨੂੰ ਨਿਜ਼ਾਮੂਦੀਨ ਔਲੀਆ ਦੀ ਦਰਗਾਹ ’ਤੇ ਗਏ ਅਤੇ ਮਕਬਰੇ ਦੇ ਵਿਹੜੇ ਵਿੱਚ ਕੱਵਾਲੀਆਂ ਸੁਣੀਆਂ। ਉਹ ਦਰਗਾਹ ’ਤੇ ਨਮਾਜ਼ ’ਚ ਸ਼ਾਮਲ ਹੋਏ ਅਤੇ ਮਕਬਰੇ ’ਤੇ ਚਾਦਰ ਵੀ ਚੜ੍ਹਾਈ। ਦੱਸਣਯੋਗ ਹੈ ਕਿ ਮੈਕਰੌਂ ਭਾਰਤ ਦੇ ਦੋ ਦਿਨਾਂ ਦੌਰੇ ’ਤੇ ਸਨ ਅਤੇ ਨਵੀਂ ਦਿੱਲੀ ਦੇ ਕਰਤੱਵਿਆ ਪਥ ’ਤੇ 75ਵੇਂ ਗਣਤੰਤਰ ਦਿਵਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਅਧਿਕਾਰੀਆਂ ਮੁਤਾਬਕ ਫਰਾਂਸ ਦੇ ਰਾਸ਼ਟਰਪਤੀ ਸਥਾਨਕ ਸਮੇਂ ਅਨੁਸਾਰ ਰਾਤ 9.45 ਵਜੇ ਕਰੀਬ 700 ਸਾਲ ਪੁਰਾਣੇ ਧਾਰਮਿਕ ਸਥਾਨ ’ਤੇ ਪਹੁੰਚੇ ਜਿਨ੍ਹਾਂ ਨੇ ਉਥੇ ਅੱਧੇ ਘੰਟੇ ਤੋਂ ਵੱਧ ਸਮਾਂ ਬਿਤਾਇਆ। ਇਸ ਮੌਕੇ ਉਨ੍ਹਾਂ ਨਾਲ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਹੋਰ ਪਤਵੰਤੇ ਵੀ ਸਨ।