ਨਵੀਂ ਦਿੱਲੀ, 23 ਅਕਤੂਬਰ
ਸੰਸਦੀ ਲੋਕ ਲੇਖਾ ਕਮੇਟੀ ਦੀ ਭਲਕੇ ਵੀਰਵਾਰ ਨੂੰ ਹੋਣ ਵਾਲੀ ਮੀਟਿੰਗ ’ਚ ਸੇਬੀ ਚੇਅਰਪਰਸਨ ਮਾਧਵੀ ਬੁੱਚ ਦੇ ਪੇਸ਼ ਹੋਣ ਦੀ ਸੰਭਾਵਨਾ ਹੈ। ਮੀਟਿੰਗ ਦੇ ਹੰਗਾਮੇਦਾਰ ਰਹਿਣ ਦੇ ਆਸਾਰ ਹਨ ਕਿਉਂਕਿ ਭਾਜਪਾ ਮੈਂਬਰ ਨਿਸ਼ੀਕਾਂਤ ਦੂਬੇ ਪਹਿਲਾਂ ਹੀ ਕਮੇਟੀ ਦੇ ਚੇਅਰਮੈਨ ਅਤੇ ਕਾਂਗਰਸ ਆਗੂ ਕੇਸੀ ਵੇਣੂਗੋਪਾਲ ’ਤੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਕਦਮ ਚੁੱਕਣ ਦਾ ਦੋਸ਼ ਲਗਾ ਚੁੱਕੇ ਹਨ। ਮੀਟਿੰਗ ਦੇ ਏਜੰਡੇ ’ਚ ‘ਸੰਸਦ ਦੇ ਐਕਟ ਰਾਹੀਂ ਸਥਾਪਤ ਰੈਗੂਲੇਟਰੀ ਸੰਸਥਾਵਾਂ ਦੇ ਕੰਮਕਾਰ ਦੀ ਨਜ਼ਰਸਾਨੀ’ ਲਈ ਕਮੇਟੀ ਦੇ ਫ਼ੈਸਲੇ ਦੇ ਹਿੱਸੇ ਵਜੋਂ ਵਿੱਤ ਮੰਤਰਾਲੇ ਅਤੇ ਸੇਬੀ ਦੇ ਨੁਮਾਇੰਦਿਆਂ ਦੇ ਜ਼ੁਬਾਨੀ ਸਬੂਤ ਸ਼ਾਮਲ ਹਨ। ਏਜੰਡੇ ’ਚ ਕਾਨੂੰਨ ਰਾਹੀਂ ਸਥਾਪਤ ਰੈਗੂਲੇਟਰੀ ਸੰਸਥਾਵਾਂ ਦੇ ਕੰਮਕਾਰ ਦੀ ਨਜ਼ਰਸਾਨੀ ਨੂੰ ਸ਼ਾਮਲ ਕਰਨ ਦੇ ਕਮੇਟੀ ਦੇ ਫ਼ੈਸਲੇ ਦਾ ਕੋਈ ਵਿਰੋਧ ਨਹੀਂ ਹੋਇਆ। ਬੁੱਚ ਨੂੰ ਸੱਦਣ ਦੇ ਵੇਣੂਗੋਪਾਲ ਦੇ ਕਦਮ ਨੇ ਹੁਕਮਰਾਨ ਧਿਰ ਦੇ ਮੈਂਬਰਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ ਕਿਉਂਕਿ ਉਹ ਅਮਰੀਕੀ ਕੰਪਨੀ ਹਿੰਡਨਬਰਗ ਦੇ ਦੋਸ਼ਾਂ ਤੋਂ ਪੈਦਾ ਹੋਏ ਸਿਆਸੀ ਵਿਵਾਦ ਦੇ ਮੁੱਖ ਕੇਂਦਰ ’ਚ ਰਹੀ ਹੈ। ਬੁੱਚ ਖ਼ਿਲਾਫ਼ ਹਿੰਡਨਬਰਗ ਨੇ ਹਿੱਤਾਂ ਦੇ ਟਕਰਾਅ ਦੇ ਦੋਸ਼ ਲਾਏ ਸਨ, ਜਿਸ ਮਗਰੋਂ ਕਾਂਗਰਸ ਨੇ ਸੇਬੀ ਚੇਅਰਪਰਸਨ ਅਤੇ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਸਨ। ਕਮੇਟੀ ਮੈਂਬਰ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਲਿਖੇ ਪੱਤਰ ’ਚ ਵੇਣੂਗੋਪਾਲ ’ਤੇ ਦੋਸ਼ ਲਾਇਆ ਸੀ ਕਿ ਉਹ ਅਰਥਚਾਰੇ ਨੂੰ ਢਾਹ ਲਾਉਣ ਲਈ ਇਕ ਟੂਲਕਿੱਟ ਦੇ ਹਿੱਸੇ ਵਜੋਂ ਕੰਮ ਕਰ ਰਹੇ ਹਨ। -ਪੀਟੀਆਈ