ਕਟਾਨੀ, 13 ਫਰਵਰੀ
ਮੱਧ ਪ੍ਰਦੇਸ਼ ਵਿੱਚ ਕਟਾਨੀ ਜ਼ਿਲ੍ਹੇ ਦੇ ਸਲੀਮਨਾਬਾਦ ਵਿੱਚ ਉਸਾਰੀ ਅਧੀਨ ਇੱਕ ਸੁਰੰਗ ਧਸਣ ਕਾਰਨ ਫਸੇ 9 ਮਜ਼ਦੂਰਾਂ ਵਿੱਚੋਂ 7 ਜਣਿਆਂ ਨੂੰ ਬਚਾਅ ਲਿਆ ਗਿਆ ਹੈ ਜਦਕਿ 2 ਮਜ਼ਦੂਰ ਹਾਲੇ ਵੀ ਮਲਬੇ ’ਚ ਫਸੇ ਹੋਏ ਹਨ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਬਚਾਏ ਗਏ ਮਜ਼ਦੂਰਾਂ ਵਿੱਚੋਂ 6 ਨੂੰ ਗਰੀਨ ਕੌਰੀਡੋਰ (ਐਮਰਜੈਂਸੀ ਦੌਰਾਨ ਆਵਾਜਾਈ ਲਈ ਸਭ ਤੋਂ ਤੇਜ਼ ਰੂਟ) ਰਾਹੀਂ ਘਟਨਾ ਸਥਾਨ ਤੋਂ 30 ਕਿਲੋਮੀਟਰ ਦੂਰ ਕਟਾਨੀ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਲਗਪਗ 450 ਕਿਲੋਮੀਟਰ ਦੂਰ ਸਲੀਮਨਾਬਾਦ ਵਿੱਚ ਸ਼ਨਿਚਰਵਾਰ ਦੇਰ ਰਾਤ ਬਰਗੀ ਕੈਨਾਲ ਪ੍ਰਾਜੈਕਟ ਦੀ ਸੁਰੰਗ ਧਸਣ ਕਾਰਨ 9 ਮਜ਼ਦੂਰ ਫਸ ਗਏ ਸਨ।
ਮੱਧ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਰਾਜੇਸ਼ ਰਾਜੌਰਾ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ 7 ਨੂੰ ਮਲਬੇ ਹੇਠੋਂ ਕੱਢ ਲਿਆ ਗਿਆ ਹੈ। ਸੂਬਾ ਆਫ਼ਤ ਪ੍ਰਬੰਧਨ ਬਲ ਦੀ ਟੀਮ ਤੇ ਅਤੇ ਹੋਰ ਕਰਮਚਾਰੀ ਮਲਬੇ ਹੇਠ ਫਸੇ ਦੋ ਬਾਕੀ ਮਜ਼ਦੂਰਾਂ ਨੂੰ ਕੱਢਣ ਲਈ ਵੀ ਕੋਸ਼ਿਸ਼ਾਂ ਕਰ ਰਹੇ ਹਨ। ਸਲੀਮਨਾਬਾਦ ਦੇ ਐੱਸਡੀਐੱਮ ਸੰਘ ਮਿਤਰਾ ਗੌਤਮ ਨੇ ਦੱਸਿਆ ਕਿ ਫਸੇ ਹੋਏ ਮਜ਼ਦੂਰ ਵੱਲੋਂ ਬਚਾਅ ਕਰਮੀਆਂ ਨੂੰ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਏਐੱਸਪੀ ਮਨੋਜ ਕੇਡੀਆ ਨੇ ਦੱਸਿਆ ਕਿ ਬਚਾਏ ਗਏ 7 ਮਜ਼ਦੂਰਾਂ ਵਿੱਚੋਂ 6 ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਦਕਿ ਇੱਕ ਸਦਮੇ ਦੀ ਹਾਲਤ ਵਿੱਚ ਹੈ, ਜਿਸ ਨੂੰ ਸੁਰੰਗ ਦੇ ਨੇੜੇ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ। -ਪੀਟੀਆਈ