ਉਮਰੀਆ (ਐੱਮਪੀ), 5 ਸਤੰਬਰ
ਮੱਧ ਪ੍ਰਦੇਸ਼ ਦੇ ਇੱਕ ਪਿੰਡ ਵਿੱਚ 25 ਸਾਲ ਦੀ ਔਰਤ ਨੇ ਬਹਾਦਰੀ ਨਾਲ ਬਾਘ ਦਾ ਸਾਹਮਣਾ ਕਰਦਿਆਂ ਆਪਣੇ 15 ਮਹੀਨਿਆਂ ਦੇ ਬੱਚੇ ਨੂੰ ਉਸ ਦੇ ਜਬਾੜੇ ’ਚੋਂ ਛੁਡਾ ਲਿਆ। ਦੋਵੇਂ ਜ਼ਖ਼ਮੀ ਹਨ। ਉਨ੍ਹਾਂ ਦਾ ਇਸ ਸਮੇਂ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਘਟਨਾ ਉਮਰੀਆ ਜ਼ਿਲ੍ਹੇ ਦੇ ਰੋਹਨੀਆ ਪਿੰਡ ਦੀ ਹੈ, ਜੋ ਬੰਧਵਗੜ੍ਹ ਟਾਈਗਰ ਰਿਜ਼ਰਵ ਦੇ ਮਾਲਾ ਖੇਤਰ ਵਿੱਚ ਪੈਂਦਾ ਹੈ।
ਜ਼ਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਬਾਘ ਦੀ ਭਾਲ ਜਾਰੀ ਹੈ ਅਤੇ ਜੰਗਲੀ ਖੇਤਰ ਵਿੱਚ ਰਹਿੰਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਔਰਤ ਦੀ ਪਛਾਣ ਅਰਚਨਾ ਚੌਧਰੀ ਵਜੋਂ ਹੋਈ ਹੈ। ਉਸ ਨੇ ਕਿਹਾ ਕਿ ਉਹ ਐਤਵਾਰ ਸਵੇਰੇ ਆਪਣੇ ਬੱਚੇ ਨੂੰ ਜੰਗਲ-ਪਾਣੀ ਲੈ ਕੇ ਗਈ ਸੀ। ਇਸ ਦੌਰਾਨ ਬਾਘ ਨੇ ਹਮਲਾ ਕਰ ਕੇ ਉਸ ਨੂੰ ਆਪਣੇ ਜਬਾੜੇ ਵਿੱਚ ਲੈ ਲਿਆ। ਜਦੋਂ ਉਸ ਨੇ ਆਪਣੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬਾਘ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ। ਚੌਧਰੀ ਨੇ ਕਿਹਾ ਕਿ ਉਹ ਆਪਣੇ ਬੱਚੇ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰਦੀ ਰਹੀ। ਉਸ ਨੇ ਰੌਲਾ ਵੀ ਪਾਇਆ। ਬਾਅਦ ਵਿੱਚ ਪਿੰਡ ਦੇ ਲੋਕਾਂ ਨੇ ਆ ਕੇ ਉਨ੍ਹਾਂ ਨੂੰ ਬਚਾਇਆ। -ਪੀਟੀਆਈ