ਭੁਪਾਲ, 2 ਨਵੰਬਰ
ਮੱਧ ਪ੍ਰਦੇਸ਼ ਦੇ ਡਿੰਡੌਰੀ ਜ਼ਿਲ੍ਹੇ ਵਿੱਚ ਪਤੀ ਦੀ ਇਲਾਜ ਦੌਰਾਨ ਮੌਤ ਹੋਣ ਮਗਰੋਂ ਪੰਜ ਮਹੀਨਿਆਂ ਦੀ ਗਰਭਵਤੀ ਔਰਤ ਨੂੰ ਹਸਪਤਾਲ ਦਾ ਖੂਨ ਨਾਲ ਲਿਬੜਿਆ ਬੈੱਡ ਸਾਫ਼ ਕਰਨਾ ਪਿਆ। ਮ੍ਰਿਤਕ ਦੀ ਪਛਾਣ ਰਾਮਰਾਜ ਮਰਾਵੀ (28) ਵਜੋਂ ਹੋਈ ਹੈ। ਉਸ ਦੇ ਦੋ ਵੱਡੇ ਭਰਾ ਅਤੇ ਪਿਤਾ ਦੀ ਕਥਿਤ ਤੌਰ ’ਤੇ ਡਿੰਡੌਰੀ ਵਿੱਚ ਹੀ ਦਹਾਕੇ ਪੁਰਾਣੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੱਤਿਆ ਕਰ ਦਿੱਤੀ ਗਈ ਸੀ।
ਗੰਭੀਰ ਸੱਟਾਂ ਦੇ ਨਾਲ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਰਾਮਰਾਜ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਇਲਾਜ ਦੌਰਾਨ ਮੌਤ ਹੋਣ ਮਗਰੋਂ ਉਸ ਦੀ ਪਤਨੀ ਨੂੰ ਹਸਪਤਾਲ ਦਾ ਉਹ ਬੈੱਡ ਸਾਫ ਕਰਨ ਲਈ ਕਿਹਾ ਗਿਆ, ਜਿਸ ’ਤੇ ਇਲਾਜ ਦੌਰਾਨ ਰਾਮਰਾਜ ਪਿਆ ਸੀ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਸੀ। ਇਸ ਵੀਡੀਓ ਵਿੱਚ ਮ੍ਰਿਤਕ ਦੀ ਗਰਭਵਤੀ ਪਤਨੀ ਹਸਪਤਾਲ ਦਾ ਬੈੱਡ ਸਾਫ਼ ਕਰਦੀ ਹੋਈ ਨਜ਼ਰ ਆ ਰਹੀ ਹੈ, ਜਦਕਿ ਹਸਪਾਤਲ ਦੇ ਸਟਾਫ ਮੈਂਬਰ ਉਸ ਨੂੰ ਹਦਾਇਤਾਂ ਜਾਰੀ ਕਰਦੇ ਅਤੇ ਪਾਣੀ ਦੀ ਇਕ ਬੋਤਲ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਇਸ ਸਬੰਧੀ ਹਸਪਤਾਲ ਦੇ ਮੁਖੀ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਸਬੂਤ ਵਜੋਂ ਖ਼ੂਨ ਦੇ ਨਮੂਨੇ ਲੈ ਰਹੀ ਸੀ, ਕਿਉਂਕਿ ਉਸ ਦੇ ਪਤੀ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮਹਿਲਾ ਨੂੰ ਬੈੱਡ ਸਾਫ਼ ਕਰਨ ਲਈ ਕਿਸੇ ਨੇ ਨਹੀਂ ਕਿਹਾ ਸੀ। -ਆਈਏਐੱਨਐੱਸ