ਭੋਪਾਲ, 8 ਮਾਰਚ
ਮੱਧ ਪ੍ਰਦੇਸ਼ ਵਿਧਾਨ ਸਭਾ ’ਚ ‘ਮੱਧ ਪ੍ਰਦੇਸ਼ ਧਾਰਮਿਕ ਆਜ਼ਾਦੀ ਬਿੱਲ-2021’ ਅੱਜ ਪਾਸ ਕਰ ਦਿੱਤਾ ਗਿਆ। ਬਿੱਲ ’ਚ ਵਿਆਹ ਜਾਂ ਕਿਸੇ ਹੋਰ ਧੋਖੇ ਵਾਲੇ ਢੰਗ ਨਾਲ ਕੀਤੀ ਗਈ ਧਰਮ ਤਬਦੀਲੀ ਮਾਮਲੇ ’ਚ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ ਤੇ ਭਾਰੀ ਜੁਰਮਾਨੇ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਮੱਧ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਦੀ ਮਨਜ਼ੂਰੀ ਮਿਲਣ ਮਗਰੋਂ ਇਹ ਕਾਨੂੰਨ ਨੌਂ ਜਨਵਰੀ ਨੂੰ ਨੋਟੀਫਾਈ ਕੀਤੇ ‘ਮੱਧ ਪ੍ਰਦੇਸ਼ ਧਾਰਮਿਕ ਆਜ਼ਾਦੀ ਅਧਿਆਦੇਸ਼-2020’ ਦੀ ਥਾਂ ਲੈ ਲਵੇਗਾ। ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਪਹਿਲੀ ਮਾਰਚ ਨੂੰ ਇਹ ਬਿੱਲ ਸਦਨ ’ਚ ਪੇਸ਼ ਕੀਤਾ ਸੀ ਅਤੇ ਅੱਜ ਚਰਚਾ ਤੋਂ ਬਾਅਦ ਇਸ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਆਹ ਨੂੰ ਮਾਨਤਾ ਪ੍ਰਾਪਤ ਨਹੀਂ ਮੰਨਿਆ ਜਾਵੇਗਾ। -ਪੀਟੀਆਈ