ਭੁਪਾਲ, 10 ਜੁਲਾਈ
ਸੱਤਾਧਾਰੀ ਭਾਜਪਾ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਜਦੋਂ 2019-20 ਵਿੱਚ ਮੱਧ ਪ੍ਰਦੇਸ਼ ’ਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸੀ ਤਾਂ ਉਦੋਂ ਸਿੱਧੀ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਵੱਲੋਂ ਆਦਿਵਾਸੀ ਨੌਜਵਾਨ ’ਤੇ ਪਿਸ਼ਾਬ ਕਰਨ ਦੀ ਘਟਨਾ ਵਾਪਰੀ ਸੀ। ਦੂਜੇ ਪਾਸੇ ਕਾਂਗਰਸ ਨੇ ਸੂਬੇ ਦੇ ਰਾਜਪਾਲ ਮੰਗੂਬਾਈ ਪਟੇਲ ਨੂੰ ਮੰਗ ਪੱਤਰ ਸੌਂਪ ਕੇ ਆਦਿਵਾਸੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਮੰਗ ਕੀਤੀ। ਕਾਂਗਰਸ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਦੇ ਰਾਜ ਵਿੱਚ ਸੂਬੇ ’ਚ ਆਦਿਵਾਸੀਆਂ ਖ਼ਿਲਾਫ਼ ਅੱਤਿਆਚਾਰ ਵਧਿਆ ਹੈ।
ਮੱਧ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵੀ.ਡੀ. ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸਿੱਧੀ ਕਾਂਡ ਸਬੰਧੀ ਭਾਜਪਾ ਵੱਲੋਂ ਬਣਾਈ ਗਈ ਕਮੇਟੀ ਦੀ ਮੁੱਢਲੀ ਜਾਂਚ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਆਦਿਵਾਸੀ ਵਿਅਕਤੀ ’ਤੇ ਪਿਸ਼ਾਬ ਕਰਨ ਵਾਲੀ ਘਟਨਾ 2019-20 ਵਿੱਚ ਵਾਪਰੀ ਸੀ, ਜਦੋਂ ਸੂਬੇ ਵਿੱਚ ਕਮਲ ਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੀ।’’ ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨਿਕ ਰਿਪੋਰਟ ਜਲਦੀ ਹੀ ਸਾਹਮਣੇ ਆਵੇਗੀ। ਸ਼ਰਮਾ ਨੇ ਕਿਹਾ, ‘‘ਅਸੀਂ ਅਜਿਹੀਆਂ ਚਾਲਾਂ ਰਾਹੀਂ ਸਮਾਜ ਵਿੱਚ ਦੁਸ਼ਮਣੀ ਪੈਦਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ।’’
ਇਸੇ ਦੌਰਾਨ ਮੱਧ ਪ੍ਰਦੇਸ਼ ਕਾਂਗਰਸ ਇਕਾਈ ਦੇ ਪ੍ਰਧਾਨ ਕਮਲ ਨਾਥ ਅਤੇ ਪਾਰਟੀ ਦੇ ਆਦਿਵਾਸੀਆਂ ਨਾਲ ਸਬੰਧਿਤ ਵਿਧਾਇਕਾਂ ਨੇ ਰਾਜ ਭਵਨ ਵਿੱਚ ਰਾਜਪਾਲ ਨਾਲ ਮੁਲਾਕਾਤ ਕੀਤੀ। ਕਮਲ ਨਾਥ ਨੇ ਕਿਹਾ, ‘‘ਮੱਧ ਪ੍ਰਦੇਸ਼ ਆਦਿਵਾਸੀਆਂ ’ਤੇ ਹੋਣ ਵਾਲੇ ਅਤਿਆਚਾਰਾਂ ਦੇ ਮਾਮਲੇ ’ਚ ਦੇਸ਼ ਵਿੱਚ ਸਭ ਤੋਂ ਅੱਗੇ ਹੈ। ਅਸੀਂ ਰਾਜਪਾਲ ਨੂੰ ਆਦਿਵਾਸੀ ਭਾਈਚਾਰੇ ਦੇ ਹਿੱਤਾਂ ਦੀ ਰਾਖ਼ੀ ਕਰਨ ਦੀ ਅਪੀਲ ਕਰਦੇ ਹਾਂ।’’
ਵਿਰੋਧੀ ਧਿਰ ਦੇ ਨੇਤਾ ਗੋਵਿੰਦ ਸਿੰਘ ਨੇ ਕਿਹਾ ਕਿ ਕਾਂਗਰਸ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ਦੌਰਾਨ ਸਿੱਧੀ ਘਟਨਾ ਅਤੇ ਆਦਿਵਾਸੀਆਂ ’ਤੇ ਅਤਿਆਚਾਰਾਂ ਦਾ ਮੁੱਦਾ ਉਠਾਏਗੀ। ਉਨ੍ਹਾਂ ਕਿਹਾ, ‘‘ਜੇਕਰ ਮੁੱਖ ਮੰਤਰੀ ਸ਼ਿਵਰਾਜ ਸਿੰਘ ਦਲਿਤਾਂ ਅਤੇ ਆਦਿਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਤੋਂ ਅਸਮਰੱਥ ਹਨ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।’’ ਪਿਸ਼ਾਬ ਘਟਨਾ ਦੇ ਮੁਲਜ਼ਮ ਪ੍ਰਵੇਸ਼ ਸ਼ੁਕਲਾ ਨੂੰ ਬੁੱਧਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸੇ ਦੌਰਾਨ ਭਾਜਪਾ ਨੇ ਕਾਂਗਰਸ ਦੇ ਇਸ ਦਾਅਵੇ ਨੂੰ ਨਕਾਰਿਆ ਹੈ ਕਿ ਮੁਲਜ਼ਮ ਸ਼ੁਕਲਾ ਭਾਜਪਾ ਵਿਧਾਇਕ ਦਾ ਸਮਰਥਕ ਸੀ। -ਪੀਟੀਆਈ