ਨਵੀਂ ਦਿੱਲੀ, 25 ਅਕਤੂਬਰ
ਮੱਧ ਪ੍ਰਦੇਸ਼ ’ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ’ਚ ਖੜ੍ਹੇ 355 ਉਮੀਦਵਾਰਾਂ ਵਿੱੱਚੋਂ 63 (18 ਫ਼ੀਸਦੀ) ਉਮੀਦਵਾਰਾਂ ਨੇ ਆਪਣੇ ਹਲਫਨਾਮਿਆਂ ’ਚ ਉਨ੍ਹਾਂ ਖ਼ਿਲਾਫ਼ ਅਪਰਾਧਕ ਕੇਸ ਦਰਜ ਹੋਣ ਦੀ ਗੱਲ ਕਬੂਲੀ ਹੈ। ਇਹ ਗੱਲ ਚੋਣ ਅਧਿਕਾਰ ਗਰੁੱਪ ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਦੀ ਰਿਪੋਰਟ ’ਚ ਕਹੀ ਗਈ ਹੈ। ਸੂਬੇ ’ਚ 28 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣ 3 ਨਵੰਬਰ ਨੂੰ ਹੋਣੀ ਹੈ।
ਰਿਪੋਰਟ ਮੁਤਾਬਕ 11 ਫ਼ੀਸਦੀ ਜਾਂ 39 ਉਮੀਦਵਾਰਾਂ ਨੇ ਉਨ੍ਹਾਂ ਖ਼ਿਲਾਫ਼ ਗੰਭੀਰ ਅਪਰਾਧਕ (ਗ਼ੈਰ-ਜ਼ਮਾਨਤੀ) ਕੇਸ ਦਰਜ ਹੋਣ ਦੀ ਗੱਲ ਵੀ ਕਹੀ ਹੈ। ਏਡੀਆਰ ਨੇ ਕਿਹਾ ਕਿ ਉਮੀਦਵਾਰਾਂ ਵੱਲੋਂ ਦਾਖਲ ਹਲਫਨਾਮਿਆਂ ਮੁਤਾਬਕ ਕਾਂਗਰਸ ਦੇ 28 ਵਿੱਚੋਂ 14 (50 ਫ਼ੀਸਦੀ), ਭਾਜਪਾ ਦੇ 28 ’ਚੋਂ 12 (43 ਫ਼ੀਸਦੀ), ਬਸਪਾ ਦੇ 28 ’ਚੋਂ 8 (29 ਫ਼ੀਸਦੀ), ਸਮਤਾ ਪਾਰਟੀ ਦੇ 14 ਵਿੱਚੋਂ 4 (29 ਫ਼ੀਸਦੀ), ਜਦਕਿ 178 ਆਜ਼ਾਦ ਉਮੀਦਵਾਰਾਂ ਵਿੱਚੋਂ 16 (9 ਫ਼ੀਸਦੀ) ਉਮੀਦਵਾਰਾਂ ਖ਼ਿਲਾਫ਼ ਅਪਰਾਧਕ ਕੇਸ ਦਰਜ ਹਨ।
-ਪੀਟੀਆਈ