ਭੋਪਾਲ/ਖਰਗੋਨ, 25 ਅਪਰੈਲ
ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ ਵਿੱਚ 10 ਅਪਰੈਲ ਨੂੰ ਰਾਮ ਨੌਮੀ ’ਤੇ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਹੋਏ ਪਥਰਾਅ ਤੇ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਸ਼ਹਿਰ ਦੀ ਜਨਤਕ ਤੇ ਨਿੱਜੀ ਜਾਇਦਾਦ ਦੇ ਹੋਏ ਨੁਕਸਾਨ ਦੇ ਮੁਲਾਂਕਣ ਤੇ ਵਸੂਲੀ ਲਈ ਸੂਬਾ ਸਰਕਾਰ ਵੱਲੋਂ ਗਠਿਤ ਦਾਅਵਾ ਟ੍ਰਿਬਿਊਨਲ ਦੇ ਦੋ ਮੈਂਬਰ 26 ਅਪਰੈਲ ਨੂੰ ਖਰਗੋਨ ਜਾਣਗੇ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਸਥਾਨਕ ਪ੍ਰਸ਼ਾਸਨ ਨੇ ਅੱਜ ਲਗਾਤਾਰ ਤੀਜੇ ਦਿਨ ਖਰਗੋਨ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਨੌਂ ਘੰਟੇ ਲਈ ਕਰਫਿਊ ’ਚ ਢਿੱਲ ਦਿੱਤੀ ਅਤੇ ਖੇਤੀ ਮੰਡੀਆਂ ਖੋਲ੍ਹਣ ਦੀ ਇਜਾਜ਼ਤ ਵੀ ਦਿੱਤੀ ਗਈ। ਮੱਧ ਪ੍ਰਦੇਸ਼ ਜਨ ਸੰਪਰਕ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ, ‘‘ਖਰਗੋਨ ਸ਼ਹਿਰ ਵਿੱਚ 10 ਅਪਰੈਲ ਨੂੰ ਹੋਈ ਹਿੰਸਾ ਦੌਰਾਨ ਸ਼ਹਿਰ ਦੀ ਜਨਤਕ ਤੇ ਨਿੱਜੀ ਜਾਇਦਾਦ ਦੇ ਮੁਲਾਂਕਣ ਤੇ ਵਸੂਲੀ ਲਈ ਸੂਬਾ ਸਰਕਾਰ ਵੱਲੋਂ ਗਠਿਤ ਕੀਤੇ ਗਏ ਦਾਅਵਾ ਟ੍ਰਿਬਿਊਨਲ ਦੀਆਂ ਸਾਰੀਆਂ ਵਿਵਸਥਾਵਾਂ ਲਈ ਖਰਗੋਨ ਦੇ ਐੱਸਡੀਐੱਮ ਮਿਲਿੰਦ ਢੋਕੇ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਸ ਟ੍ਰਿਬਿਊਨਲ ਦਾ ਮੁਖੀ ਸੇਵਾਮੁਕਤ ਜ਼ਿਲ੍ਹਾ ਜੱਜ ਡਾ. ਸ਼ਿਵਕੁਮਾਰ ਮਿਸ਼ਰਾ ਨੂੰ ਲਗਾਇਆ ਗਿਆ ਹੈ ਅਤੇ ਮੱਧ ਪ੍ਰਦੇਸ਼ ਸਰਕਾਰ ਦੇ ਸੇਵਾਮੁਕਤ ਸਕੱਤਰ ਪ੍ਰਭਾਤ ਪਰਾਸ਼ਰ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।’’ ਵਧੀਕ ਕੁਲੈਕਟਰ ਐੱਸ.ਐੱਸ. ਮੁਜਾਲਦਾ ਨੇ ਇਕ ਹੁਕਮ ਜਾਰੀ ਕਰ ਕੇ ਕਿਹਾ ਕਿ ਇਹ ਟ੍ਰਿਬਿਊਨਲ 26 ਅਪਰੈਲ ਨੂੰ ਖਰਗੋਨ ਜਾਵੇਗਾ। -ਪੀਟੀਆਈ