ਗਵਾਲੀਅਰ, 27 ਜੁਲਾਈ
ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਰਹਿਣ ਵਾਲੀ ਪ੍ਰਿਯੰਕਾ ਗੁਪਤਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਸ ਨੂੰ 3,419 ਕਰੋੜ ਰੁਪਏ ਦਾ ਬਿਜਲੀ ਦਾ ਬਿੱਲ ਆਇਆ, ਜਿਸ ਕਾਰਨ ਉਸ ਦਾ ਸਹੁਰਾ ਗ਼ਸ਼ ਖਾ ਕੇ ਡਿੱਗ ਗਿਆ ਤੇ ਬਿਮਾਰ ਪੈ ਗਿਆ। ਮੱਧ ਪ੍ਰਦੇਸ਼ ਸਰਕਾਰ ਦੀ ਬਿਜਲੀ ਕੰਪਨੀ ਨੇ ਮੁਲਾਜ਼ਮ ਦੀ ਗਲਤੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ 1,300 ਰੁਪਏ ਦਾ ਠੀਕ ਕੀਤਾ ਬਿੱਲ ਜਾਰੀ ਕੀਤਾ। ਇਸ ਨਾਲ ਗੁਪਤਾ ਪਰਿਵਾਰ, ਜੋ ਸ਼ਹਿਰ ਦੀ ਸ਼ਿਵ ਵਿਹਾਰ ਕਲੋਨੀ ਦਾ ਵਸਨੀਕ ਹੈ, ਨੂੰ ਰਾਹਤ ਮਿਲੀ। ਪ੍ਰਿਯੰਕਾ ਗੁਪਤਾ ਦੇ ਪਤੀ ਸੰਜੀਵ ਨੇ ਕਿਹਾ ਕਿ ਜੁਲਾਈ ਦੇ ਘਰੇਲੂ ਖਪਤ ਲਈ ਬਿਜਲੀ ਦੇ ਬਿੱਲ ਦੇ ਵੱਡੇ ਅੰਕੜੇ ਨੂੰ ਦੇਖ ਕੇ ਉਨ੍ਹਾਂ ਦੇ ਪਿਤਾ ਬਿਮਾਰ ਹੋ ਗਏ।