ਮੌਰੇਨਾ, 20 ਅਕਤੂਬਰ
ਮੱਧਪ੍ਰਦੇਸ਼ ਦੇ ਮੌਰੇਨਾ ਵਿੱਚ ਇੱਕ ਮਕਾਨ ਵਿੱਚ ਹੋਏ ਧਮਾਕੇ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਤੇ 6 ਹੋਰ ਜ਼ਖਮੀ ਹੋ ਗਏ। ਐਸਪੀ ਆਸ਼ੂਤੋਸ਼ ਬਾਗੜੀ ਨੇ ਦੱਸਿਆ ਕਿ ਧਮਾਕੇ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਵੇਰੇ 11 ਵਜੇ ਦੇ ਕਰੀਬ ਇਹ ਘਟਨਾ ਵਾਪਰੀ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਰ ਢਹਿ ਗਿਆ। ਧਮਾਕੇ ਕਾਰਨ ਨੇੜੇ ਦੇ ਦੋ ਮਕਾਨਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ ਕਿਰਾਏਦਾਰ ਦੀ ਪਤਨੀ, ਉਸ ਦਾ 18 ਸਾਲਾ ਪੁੱਤਰ, 8 ਸਾਲਾ ਧੀ ਅਤੇ ਇਕ ਹੋਰ ਵਿਅਕਤੀ ਸ਼ਾਮਲ ਹੈ।
ਬਾਨਮੋਰ ਥਾਣੇੇ ਦੇ ਇੰਚਾਰਜ ਬਿਰੇਸ਼ ਕੁਸ਼ਵਾਹਾ ਨੇ ਦੱਸਿਆ ਕਿ ਇਹ ਘਰ ਨਿਰਮਲ ਚੰਦ ਜੈਨ ਦੇ ਨਾਂ ’ਤੇ ਸੀ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਮਕਾਨ ਦੀ ਪਹਿਲੀ ਮੰਜ਼ਿਲ ’ਤੇ ਜਮੀਲ ਖਾਨ ਨਾਂ ਦਾ ਵਿਅਕਤੀ ਆਪਣੇ ਪਰਿਵਾਰ ਨਾਲ ਕਿਰਾਏ ’ਤੇ ਰਹਿੰਦਾ ਸੀ। ਉਸ ਨੇ ਗੈਰਕਾਨੂੰਨੀ ਤਰੀਕੇ ਨਾਲ ਘਰ ਵਿੱਚ ਭਾਰੀ ਮਾਤਰਾ ਵਿੱਚ ਪਟਾਕੇ ਰੱਖੇ ਹੋਏ ਸਨ। ਸਵੇਰੇ 11 ਵਜੇ ਦੇ ਕਰੀਬ ਧਮਾਕਾ ਹੋਇਆ ਜਿਸ ਨਾਲ ਮਕਾਨ ਮਲਬੇ ਵਿੱਚ ਤਬਦੀਲ ਹੋ ਗਿਆ ਤੇ ਕੁਝ ਲੋਕ ਮਲਬੇ ਹੇਠਾਂ ਦਬ ਗਏ। ਮਿ੍ਤਕਾਂ ਦੀ ਪਛਾਣ ਜਮੀਲ ਖਾਨ ਦੀ ਪਤਨੀ ਅੰਨੋ ਖਾਨ, ਉਸ ਦੀ ਧੀ ਜ਼ੋਇਆ ਅਤੇ ਪੁੱਤਰ ਮਹਿਮੂਦ ਵਜੋਂ ਹੋਈ। ਹਾਦਸੇ ਵਿੱਚ ਇਕ ਹੋਰ ਵਿਅਕਤੀ ਦੀ ਵੀ ਮੌਤ ਹੋਈ ਹੈ ਜਿਸ ਦੀ ਪਛਾਣ ਨਹੀਂ ਹੋ ਸਕੀ। ਜਮੀਲ ਖ਼ਾਨ ਧਮਾਕੇ ਦੇ ਤੁਰਤ ਬਾਅਦ ਛੱਤ ਤੋਂ ਛਾਲ ਮਾਰਨ ਕਾਰਨ ਬਚ ਗਿਆ।
ਜ਼ਖਮੀਆਂ ਵਿਚੋਂ ਦੋ ਨੂੰ ਗਵਾਲੀਅਰ ਭੇਜਿਆ ਗਿਆ ਹੈ ਤੇ ਬਾਕੀ ਬਾਨਮੋਰ ਦੇ ਸਥਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਆਈ ਜੀ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਜਦੋਂ ਕਿ ਮੌਰੇਨਾ ਦੇ ਐਸਪੀ ਦਾ ਕਹਿਣਾ ਹੈ ਕਿ ਧਮਾਕੇ ਦਾ ਕਾਰਨ ਸਪਸ਼ਟ ਨਹੀਂ ਹੈ। ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਗਿਣਤੀ ਵਧ ਨਹੀਂ ਸੀ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਧਮਾਕਾ ਬਾਰੂਦ ਜਾਂ ਸਿਲੰਡਰ ਫਟਣ ਕਾਰਨ ਹੋਇਆ। ਮਾਹਿਰਾਂ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। -ਪੀਟੀਆਈ
ਸਰਕਾਰ ਅਜਿਹੇ ਹਾਦਸੇ ਰੋਕਣ ਲਈ ਲੋੜੀਂਦੇ ਕਦਮ ਚੁੱਕੇ: ਕਮਲਨਾਥ
ਸੀਨੀਅਰ ਕਾਂਗਰਸੀ ਆਗੂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਘਟਨਾ ਦੀ ਜਾਂਚ ਦੀ ਮੰਗ ਕਰਦਿਆਂ ਸਰਕਾਰ ਨੂੰ ਦੀਵਾਲੀ ਨੂੰ ਦੇਖਦਿਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ।