ਸਾਗਰ/ਭੁਪਾਲ, 1 ਸਤੰਬਰ
ਇਥੇ ਪਿਛਲੇ 72 ਘੰਟਿਆਂ ਦੌਰਾਨ ਵੱਖ-ਵੱਖ ਘਟਨਾਵਾਂ ਵਿੱਚ ਤਿੰਨ ਸੁਰੱਖਿਆ ਗਾਰਡਾਂ ਦੀ ਹੱਤਿਆਵਾਂ ਨੇ ਮੱਧ ਪ੍ਰਦੇਸ਼ ਦੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ ਹੈ ਅਤੇ ਪੁਲੀਸ ਨੂੰ ਸ਼ੱਕ ਹੈ ਕਿ ਇਨ੍ਹਾਂ ਵਿੱਚੋਂ ਦੋ ਦੀ ਹੱਤਿਆ ਇੱਕੋ ਵਿਅਕਤੀ ਨੇ ਕੀਤੀਆਂ ਹੋ ਸਕਦੀਆਂ ਹਨ। ਮੌਕਾ ਤੋਂ ਪਤਾ ਲੱਗਦਾ ਹੈ ਕਿ ਸੀਰੀਅਲ ਕਿੱਲਰ ਨੇ ਅਜਿਹਾ ਕੀਤਾ ਹੈ। ਸਾਗਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ। ਪੁਲੀਸ ਨੇ ਸ਼ੱਕੀ ਕਾਤਲ ਦਾ ਸਕੈਚ ਵੀ ਜਾਰੀ ਕੀਤਾ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਭੁਪਾਲ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਪੂਰੇ ਪੁਲੀਸ ਬਲ ਨੂੰ ‘ਹਾਈ ਅਲਰਟ’ ‘ਤੇ ਰੱਖਿਆ ਗਿਆ ਹੈ ਅਤੇ ਰਾਤ ਦੀ ਡਿਊਟੀ ‘ਤੇ ਤਾਇਨਾਤ ਚੌਕੀਦਾਰਾਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਸੁਰੱਖਿਆ ਗਾਰਡ ਕਲਿਆਣ ਲੋਧੀ, ਜੋ 50 ਸਾਲ ਦੇ ਕਰੀਬ ਸੀ, ਫੈਕਟਰੀ ਵਿੱਚ ਤਾਇਨਾਤ ਸੀ, ਦੀ 28-29 ਅਗਸਤ ਦੀ ਦਰਮਿਆਨੀ ਰਾਤ ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਸਿਰ ’ਤੇ ਹਥੌੜੇ ਨਾਲ ਵਾਰ ਕੀਤੇ ਗਏ ਸਨ। ਇੱਕ ਹੋਰ ਸੁਰੱਖਿਆ ਗਾਰਡ, ਸ਼ੰਭੂ ਨਰਾਇਣ ਦੂਬੇ (60), ਜੋ ਆਰਟਸ ਅਤੇ ਕਾਮਰਸ ਕਾਲਜ ਵਿੱਚ ਡਿਊਟੀ ‘ਤੇ ਸੀ, ਦੀ 29-30 ਅਗਸਤ ਦੀ ਦਰਮਿਆਨੀ ਰਾਤ ਨੂੰ ਸਿਰ ਵਿੱਚ ਪੱਥਰ ਮਾਰ ਕੇ ਹੱਤਿਆ ਕੀਤੀ ਗਈ। ਤੀਜੀ ਘਟਨਾ ਵਿੱਚ 30-31 ਅਗਸਤ ਦੀ ਦਰਮਿਆਨੀ ਰਾਤ ਨੂੰ ਮੋਤੀ ਨਗਰ ਇਲਾਕੇ ਵਿੱਚ ਘਰ ਦੀ ਰਾਖੀ ਕਰ ਰਹੇ ਚੌਕੀਦਾਰ ਮੰਗਲ ਅਹੀਰਵਰ ਨੂੰ ਡੰਡੇ ਨਾਲ ਹਮਲਾ ਕਰਕੇ ਮਾਰ ਦਿੱਤਾ ਗਿਆ ਸੀ। ਪੁਲੀਸ ਨੂੰ ਲੱਗਦਾ ਹੈ ਕਿ ਲੋਧੀ ਅਤੇ ਦੂਬੇ ਨੂੰ ਇੱਕੋ ਵਿਅਕਤੀ ਨੇ ਮਾਰਿਆ ਹੈ ਪਰ ਦੋਸ਼ੀਆਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ।