ਭੁਪਾਲ, 3 ਸਤੰਬਰ
ਮੱਧ ਪ੍ਰਦੇਸ਼ ਦੇ ਸਾਰੇ ਸਰਕਾਰੀ, ਗੈਰ-ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀ ਹਫ਼ਤੇ ਵਿੱਚ ਇੱਕ ਦਿਨ ਬਿਨਾਂ ਬੈਗਾਂ ਦੇ ਸਕੂਲ ਜਾਣਗੇ ਅਤੇ ਇਸ ਦਿਨ ਪੇਸ਼ੇਵਰ ਕੰਮ ਦੇ ਤਜ਼ਰਬੇ ਨਾਲ ਸਬੰਧਤ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਸੂਬੇ ਦੇ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਕਿਤਾਬਾਂ ਦਾ ਜਮਾਤ ਮੁਤਾਬਕ ਵਜ਼ਨ ਤੈਅ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਭਾਰੀ ਬੈਗ ਚੁੱਕਣ ਤੋਂ ਰਾਹਤ ਮਿਲੇਗੀ। ਇਸ ਸਬੰਧੀ ਮੱਧ ਪ੍ਰਦੇਸ਼ ਸਕੂਲ ਸਿੱਖਿਆ ਵਿਭਾਗ ਦੇ ਉਪ ਸਕੱਤਰ ਪ੍ਰਮੋਦ ਸਿੰਘ ਨੇ 29 ਅਗਸਤ ਨੂੰ ਹੁਕਮ ਜਾਰੀ ਕੀਤਾ, ਜੋ ਤੁਰੰਤ ਨਾਲ ਲਾਗੂ ਹੋਵੇਗਾ। ਹੁਕਮਾਂ ਅਨੁਸਾਰ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਹੋਮਵਰਕ ਨਹੀਂ ਦਿੱਤਾ ਜਾਵੇਗਾ। ਹੁਣ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਬੈਗ ਵਜ਼ਨ 1.6 ਕਿਲੋ ਤੋਂ 2.2 ਕਿਲੋਗ੍ਰਾਮ, ਜਦਕਿ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ 1.7 ਕਿਲੋ ਤੋਂ 2.5 ਕਿਲੋ, ਛੇਵੀਂ ਅਤੇ ਸੱਤਵੀਂ 2 ਕਿਲੋ ਤੋਂ 3 ਕਿਲੋ, ਅੱਠਵੀਂ ਜਮਾਤ ਲਈ 2.5 ਕਿਲੋ ਤੋਂ 4 ਕਿਲੋ ਅਤੇ ਨੌਵੀਂ ਅਤੇ 10ਵੀਂ ਲਈ 2.5 ਕਿਲੋ ਤੋਂ 4.5 ਕਿਲੋਗ੍ਰਾਮ ਹੋਵੇਗਾ। ਹੁਕਮਾਂ ਅਨੁਸਾਰ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਬੈਗਾਂ ਦਾ ਵਜ਼ਨ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਆਧਾਰ ‘ਤੇ ਤੈਅ ਕੀਤਾ ਜਾਵੇਗਾ।