ਇੰਦੌਰ, 7 ਮਈ
ਮੁੱਖ ਅੰਸ਼
- ਫਾਇਰ ਬ੍ਰਿਗੇਡ ਅਮਲਾ ਦੇ ਪੁੱਜਣ ਤੋਂ ਪਹਿਲਾਂ ਲੋਕਾਂ ਨੇ ਫਲੈਟ ’ਚੋਂ ਛਾਲਾਂ ਮਾਰੀਆਂ
ਇੱਥੇ ਸਥਿਤ ਵਿਜੇ ਨਗਰ ਇਲਾਕੇ ਦੀ ਇਕ ਰਿਹਾਇਸ਼ੀ ਇਮਾਰਤ ਵਿਚ ਅੱਜ ਸਵੇਰੇ ਅੱਗ ਲੱਗਣ ਨਾਲ ਸੱਤ ਜਣਿਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 9 ਜਣੇ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ਵਿਚ ਪਤੀ-ਪਤਨੀ ਵੀ ਸ਼ਾਮਲ ਹਨ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਮਾਰਤ ਦੇ ਅੰਦਰ ਫਸੇ ਲੋਕਾਂ ਨੂੰ ਬਚਾਉਣ ਲਈ ਫਾਇਰ ਬ੍ਰਿਗੇਡ ਅਮਲਾ ਦੇਰੀ ਨਾਲ ਪਹੁੰਚਿਆ ਤੇ ਕਈ ਲੋਕਾਂ ਨੇ ਆਪਣੇ ਫਲੈਟ ਵਿਚੋਂ ਛਾਲ ਮਾਰ ਦਿੱਤੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੇ ਸੱਟਾਂ ਲੱਗ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਘਟਨਾ ਦੀ ਜਾਂਚ ਦੇ ਹੁਕਮ ਦਿੰਦਿਆਂ ਮ੍ਰਿਤਕਾਂ ਦੇ ਵਾਰਿਸਾਂ ਲਈ ਮੁਆਵਜ਼ਾ ਐਲਾਨਿਆ ਹੈ। ਪੁਲੀਸ ਜਾਂਚ ਤੋਂ ਪਤਾ ਚੱਲਿਆ ਹੈ ਕਿ ਪ੍ਰੇਮੀ ਵੱਲੋਂ ਗੁੱਸੇ ਵਿੱਚ ਆ ਕੇ ਇਹ ਅੱਗ ਲਗਾਈ ਗਈ ਸੀ। ਪੁਲੀਸ ਕਮਿਸ਼ਨਰ ਹਰੀਨਾਰਾਇਣ ਚਾਰੀ ਮਿਸ਼ਰਾ ਨੇ ਦੱਸਿਆ, ‘‘ਇਮਾਰਤ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਸਾਨੂੰ ਕੁੱਝ ਸੁਰਾਗ਼ ਮਿਲੇ ਹਨ। ਇੱਕ ਵਿਅਕਤੀ ਨੇ ਪਾਰਕਿੰਗ ਖੇਤਰ ਵਿੱਚ ਵਾਹਨ ਨੂੰ ਅੱਗ ਲਾ ਦਿੱਤੀ, ਜਿਸ ਤੋਂ ਅੱਗ ਫੈਲ ਗਈ।’’ -ਪੀਟੀਆਈ
ਟਾਟਾ ਸਟੀਲ ਫੈਕਟਰੀ ਵਿੱਚ ਧਮਾਕਾ
ਜਮਸ਼ੇਦਪੁਰ (ਝਾਰਖੰਡ): ਇੱਥੇ ਅੱਜ ਟਾਟਾ ਸਟੀਲ ਫੈਕਟਰੀ ਦੀ ਇੱਕ ਗੈਸ ਪਾਈਪਲਾਈਨ ਵਿੱਚ ਹੋਏ ਧਮਾਕੇ ਕਾਰਨ ਤਿੰਨ ਮੁਲਾਜ਼ਮ ਜ਼ਖ਼ਮੀ ਹੋ ਗਏ। ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ 10:20 ਦੇ ਕਰੀਬ ਫੈਕਟਰੀ ਦੀ ਇੱਕ ਯੂਨਿਟ ਵਿੱਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਮਗਰੋਂ ਸੁਰੱਖਿਆ ਮੁਲਾਜ਼ਮਾਂ ਦੀ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ। -ਪੀਟੀਆਈ
ਮੁੰਬਈ ’ਚ ਐਲਆਈਸੀ ਦਫ਼ਤਰ ਵਿੱਚ ਅੱਗ ਲੱਗੀ
ਮੁੰਬਈ: ਮੁੰਬਈ ਦੇ ਉਪਨਗਰ ਸਾਂਤਾਕਰੂਜ਼ (ਪੱਛਮ) ਸਥਿਤ ਐਲਆਈਸੀ ਦੇ ਦਫ਼ਤਰ ’ਚ ਅੱਜ ਅੱਗ ਲੱਗ ਗਈ। ਹਾਲਾਂਕਿ ਇਸ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਅੱਗ ’ਤੇ ਛੇ ਘੰਟਿਆਂ ਬਾਅਦ ਕਾਬੂ ਪਾਇਆ ਗਿਆ। ਮੁੰਬਈ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਾਰਪੋਰੇਸ਼ਨ ਦੇ ਡੇਟਾ ਸੈਂਟਰ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। -ਪੀਟੀਆਈ