ਟਿੱਕਮਗੜ੍ਹ, 16 ਸਤੰਬਰ
ਮੱਧ ਪ੍ਰਦੇਸ਼ ਦੇ ਟਿੱਕਮਗੜ੍ਹ ਜ਼ਿਲ੍ਹੇ ਵਿੱਚ ਪੁਲੀਸ ਮੁਲਾਜ਼ਮਾਂ ਦੀ ਸੋਸ਼ਲ ਮੀਡੀਆ ’ਤੇ ਜੂਆ ਖੇਡਦਿਆਂ ਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਛੇ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲੀਸ ਸੁਪਰਡੈਂਟ (ਐਸਪੀ) ਰੋਹਿਤ ਕਾਸ਼ਵਾਨੀ ਨੇ ਕਿਹਾ ਕਿ ਇਸ ਸਬੰਧੀ ਐਤਵਾਰ ਸ਼ਾਮ ਨੂੰ ਇਕ ਵੀਡੀਓ ਮਿਲੀ ਸੀ ਜਿਸ ਦੀ ਜਾਂਚ ਤੋਂ ਬਾਅਦ ਵੱਖ-ਵੱਖ ਥਾਣਿਆਂ ਵਿੱਚ ਤਾਇਨਾਤ ਛੇ ਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਕੋਤਵਾਲੀ ਥਾਣੇ ਦੇ ਕਾਂਸਟੇਬਲ ਮਨੋਜ ਅਹੀਰਵਾਰ, ਰਿਤੇਸ਼ ਮਿਸ਼ਰਾ ਅਤੇ ਸੂਰਜ ਰਾਜਪੂਤ, ਦੇਹਾਟ ਥਾਣੇ ਦੇ ਭੁਵਨੇਸ਼ਵਰ ਅਗਨੀਹੋਤਰੀ ਅਤੇ ਅਨਿਲ ਪਚੌਰੀ ਅਤੇ ਡਿਗੋਰਾ ਥਾਣੇ ਵਿੱਚ ਤਾਇਨਾਤ ਸਲਮਾਨ ਖਾਨ ਖ਼ਿਲਾਫ਼ ਕੀਤੀ ਗਈ ਹੈ। ਪੁਲੀਸ ਇਹ ਜਾਂਚ ਕਰ ਰਹੀ ਹੈ ਕਿ ਇਹ ਵੀਡੀਓ ਕਦੋਂ ਅਤੇ ਕਿੱਥੇ ਬਣਾਈ ਗਈ ਸੀ ਅਤੇ ਕੀ ਹੋਰ ਪੁਲੀਸ ਮੁਲਾਜ਼ਮ ਵੀ ਮੌਕੇ ’ਤੇ ਮੌਜੂਦ ਸਨ। -ਪੀਟੀਆਈ