ਭੋਪਾਲ (ਮੱਧ ਪ੍ਰਦੇਸ਼), 6 ਜੁਲਾਈ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਸਿੱਧੀ ਜ਼ਿਲ੍ਹੇ ’ਚ ਪਿਸ਼ਾਬ ਘਟਨਾ ਦੇ ਪੀੜਤ ਕਬਾਇਲੀ ਨੌਜਵਾਨ ਦੇ ਪੈਰ ਧੋਤੇ ਅਤੇ ਘਟਨਾ ’ਤੇ ਅਫਸੋਸ ਜ਼ਾਹਿਰ ਕਰਦਿਆਂ ਉਸ ਕੋਲੋਂ ਮੁਆਫ਼ੀ ਮੰਗੀ। ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਅਜਿਹੀਆਂ ਅਨਿਆਂ ਵਾਲੀਆਂ ਕਾਰਵਾਈਆਂ ਅਤੇ ਗਰੀਬਾਂ ਖ਼ਿਲਾਫ਼ ਗਲਤ ਕੰਮ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਇਸੇ ਦੌਰਾਨ ਮੱਧ ਪ੍ਰਦੇਸ਼ ਪੁਲੀਸ ਨੇ ਟਵਿੱਟਰ ਨੂੰ ਈਮੇਲ ਭੇਜ ਕੇ ਸਿੱਧੀ ਜ਼ਿਲ੍ਹੇ ’ਚ ਵਾਪਰੀ ਉਕਤ ਘਟਨਾ ਦੀ ਤਸਵੀਰ ਨਾਲ ਛੇੜਛਾੜ ਕਰਕੇ ਤਿਰੰਗੇ ਦਾ ਅਪਮਾਨ ਕਰਨ ਵਾਲੇ ਵਿਅਕਤੀ ਬਾਰੇ ਜਾਣਕਾਰੀ ਮੰਗੀ ਹੈ। ਮੁੱਖ ਮੰਤਰੀ ਚੌਹਾਨ ਨੇ ਅੱਜ ਆਪਣੀ ਸਰਕਾਰੀ ਰਿਹਾਇਸ਼ ’ਚ ਫਰਸ਼ ’ਤੇ ਬੈਠ ਕੇ ਪੀੜਤ ਨੌਜਵਾਨ ਦਸ਼ਮਤ ਰਾਵਤ ਦੇ ਪੈਰ ਧੋਤੇ। ਨੌਜਵਾਨ ਦੇ ਪੈਰ ਧੋਣ ਲਈ ਵਰਤਿਆ ਪਾਣੀ ਚੌਹਾਨ ਨੇ ਆਪਣੇ ਸਿਰ ’ਤੇ ਲਾਇਆ ਅਤੇ ਕਿਹਾ ਕਿ ਉਹ ਇਸ ਘਟਨਾ ਤੋਂ ਉਦਾਸ ਹਨ। ਉਨ੍ਹਾਂ ਨੇ ਨੌਜਵਾਨ ਨੂੰ ‘ਸੁਦਾਮਾ’ ਆਖਿਆ ਅਤੇ ਕਿਹਾ, ‘‘ਦਸ਼ਮਤ, ਹੁਣ ਤੁਸੀਂ ਮੇਰੇ ਮਿੱਤਰ ਹੋ।’’ ਇਸ ਦੌਰਾਨ ਮੁੱਖ ਮੰਤਰੀ ਚੌਹਾਨ ਨੇ ਨੌਜਵਾਨ ਨਾਲ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਤੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਮਿਲ ਰਿਹਾ ਹੈ ਜਾਂ ਨਹੀਂ। ਚੌਹਾਨ ਨੇ ਦਸ਼ਮਤ ਦੀ ਪਤਨੀ ਆਸ਼ਾ ਰਾਵਤ ਨਾਲ ਵੀ ਗੱਲਬਾਤ ਕੀਤੀ ਅਤੇ ਪਰਿਵਾਰਕ ਲੋੜਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ। -ਪੀਟੀਆਈ
ਪੀੜਤ ਨੌਜਵਾਨ ਦੇ ਪੈਰ ਧੋਣੇ ਮਹਿਜ਼ ‘ਡਰਾਮਾ’: ਕਮਲਨਾਥ
ਭੋਪਾਲ: ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪਿਸ਼ਾਬ ਘਟਨਾ ਪੀੜਤ ਕਬਾਇਲੀ ਨੌਜਵਾਨ ਦੇ ਪੈਰ ਧੋਣੇ ਸਿਰਫ ਇੱਕ ‘ਡਰਾਮਾ’ ਹੈ ਅਤੇ ਇਸ ਨਾਲ ਉਨ੍ਹਾਂ ਵੱਲੋਂ ਆਪਣੇ ਇਸ ਕਾਰਜਕਾਲ ਦੌਰਾਨ ਕਮਾਏ ‘ਪਾਪ’ ਨਹੀਂ ਧੋਤੇ ਜਾਣਗੇ। ਕਮਲਨਾਥ ਨੇ ਕਿਹਾ, ‘‘ਸ਼ਿਵਰਾਜ ਸੋਚਦੇ ਹਨ ਕਿ ਕਬਾਇਲੀ ਲੋਕ ਉਨ੍ਹਾਂ ਨੂੰ ਮੁਆਫ਼ ਕਰ ਦੇਣਗੇ। ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਇਹ ਕਿਸਮ ਦਾ ਅਪਰਾਧ ਹੈ ਤਾਂ ਉਹ ਅਜਿਹਾ ਨਾ ਕਰਦੇ। ਅਜਿਹੇ ਸਿਰਫ 10 ਫ਼ੀਸਦੀ ਮਾਮਲੇ ਹੀ ਨਸ਼ਰ ਹੁੰਦੇ ਹਨ।’’ -ਪੀਟੀਆਈ
ਦੋ ਦਲਿਤ ਨੌਜਵਾਨਾਂ ਨੂੰ ਕੁੱਟਣ ਵਾਲਿਆਂ ਖ਼ਿਲਾਫ਼ ਐੱਨਐੱਸਏ ਲਾਉਣ ਦੇ ਨਿਰਦੇਸ਼
ਭੋਪਾਲ: ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਸ਼ਿਵਪੁਰੀ ਜ਼ਿਲ੍ਹੇ ਦੇ ਪਿੰਡ ਵਰਖਾੜੀ ਵਿੱਚ 30 ਜੂਨ ਨੂੰ ਵਾਪਰੀ ਦੋ ਦਲਿਤ ਨੌਜਵਾਨਾਂ ਦੀ ਕੁੱਟਮਾਰ ਦੀ ਘਟਨਾ ਨੂੰ ‘ਮਨੁੱਖਤਾ ਲਈ ਸ਼ਰਮਨਾਕ ਕਾਰਾ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਮੁਲਜ਼ਮਾਂ ਖ਼ਿਲਾਫ਼ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਲਾਉਣ ਦੇ ਨਿਰਦੇਸ਼ ਦਿੱਤੇ ਹਨ। ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਨਿਰਦੇਸ਼ ਵੀ ਦਿੱਤੇ ਹਨ ਜੇਕਰ ਮੁਲਜ਼ਮਾਂ ਨੇ ਕਬਜ਼ਾ ਕਰਕੇ ਕੋਈ ਜਾਇਦਾਦ ਬਣਾਈ ਹੈ ਤਾਂ ਉਸ ਨੂੰ ਵੀ ਢਾਹ ਦਿੱਤਾ ਜਾਵੇ। -ਪੀਟੀਆਈ