ਭੋਪਾਲ, 14 ਅਗਸਤ
ਮੱਧ ਪ੍ਰਦੇਸ਼ ਦੇ ਧਾਰ ਵਿਚ ਅੱਜ ਇਕ ਉਸਾਰੀ ਅਧੀਨ ਡੈਮ ’ਚ ਪਾੜ ਪੈ ਗਿਆ। ਇਹ ਡੈਮ ਕਾਰਮ ਨਦੀ ਉਤੇ ਹੈ। ਡੈਮ ਦੇ ਤਲਾਅ ਦੀ ਕੰਧ ਵਿਚ ਪਏ ਪਾੜ ਕਾਰਨ ਪਾਣੀ ਨੂੰ ਕੱਢਣ ਲਈ ਹੁਣ ਇਕ ਨਾਲਾ ਪੁੱਟਿਆ ਗਿਆ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਪਾਣੀ ਕੱਢਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਫ਼ਿਕਰ ਵਾਲੀ ਕੋਈ ਗੱਲ ਨਹੀਂ ਹੈ। ਐਤਵਾਰ ਸੁਵੱਖਤੇ ਨਾਲੇ ਰਾਹੀਂ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਸੀ। ਪਾਣੀ ਦਾ ਦਬਾਅ ਘਟਣ ਨਾਲ ਡੈਮ ਦੇ ਟੁੱਟਣ ਦਾ ਖ਼ਦਸ਼ਾ ਘੱਟ ਗਿਆ ਹੈ। ਚੀਫ਼ ਇੰਜਨੀਅਰ, ਕਮਿਸ਼ਨਰ ਤੇ ਹੋਰ ਅਧਿਕਾਰੀ ਮੌਕੇ ਉਤੇ ਮੌਜੂਦ ਹਨ। ਮੁੱਖ ਮੰਤਰੀ ਨੇ ਕਿਹਾ ਕਿ ਡੈਮ ਨੂੰ ਪੂਰੀ ਤਰ੍ਹਾਂ ਖਾਲੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵਿਰੋਧੀ ਧਿਰ ਕਾਂਗਰਸ ਨੇ ਦੋਸ਼ ਲਾਇਆ ਕਿ ਡੈਮ ਦੀ ਉਸਾਰੀ ਵਿਚ ਭ੍ਰਿਸ਼ਟਾਚਾਰ ਹੋਇਆ ਹੈ। ਡੈਮ ਵਿਚ ਪਾੜ ਪੈਣ ਕਾਰਨ 18 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ ਹੈ। ਐੱਨਡੀਆਰਐਫ, ਥਲ ਤੇ ਹਵਾਈ ਸੈਨਾ ਦੀਆਂ ਟੀਮਾਂ ਨੂੰ ਵੀ ਮੌਕੇ ਉਤੇ ਭੇਜਿਆ ਗਿਆ ਹੈ। -ਪੀਟੀਆਈ