ਸਾਗਰ/ਭੋਪਾਲ, 1 ਸਤੰਬਰ
ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ’ਚ 72 ਘੰਟਿਆਂ ਅੰਦਰ ਤਿੰਨ ਚੌਕੀਕਾਰਾਂ ਦੀ ਹੱਤਿਆ ਹੋਣ ਨਾਲ ਲੋਕਾਂ ’ਚ ਸਹਿਮ ਦਾ ਮਾਹੌਲ ਹੈ। ਪੁਲੀਸ ਨੂੰ ਸ਼ੱਕ ਹੈ ਕਿ ਇਨ੍ਹਾਂ ’ਚੋਂ ਦੋ ਹੱਤਿਆਵਾਂ ਇੱਕ ਹੀ ਵਿਅਕਤੀ ਨੇ ਕੀਤੀਆਂ ਹਨ। ਹੱਤਿਆਵਾਂ ਦੇ ਢੰਗ ਤੋਂ ਇੱਕ ਹੀ ਵਿਅਕਤੀ ਵੱਲੋਂ ਇਹ ਵਾਰਦਾਤਾਂ ਅੰਜਾਮ ਦਿੱਤੇ ਜਾਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਪਰ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜਾਂਚ ਦਾ ਵਿਸ਼ਾ ਹੈ ਤੇ ਕਿਸੇ ਨਤੀਜੇ ’ਤੇ ਪਹੁੰਚਣਾ ਜਲਦਬਾਜ਼ੀ ਹੋਵੇਗਾ। ਪੁਲੀਸ ਨੇ ਸ਼ੱਕੀ ਕਾਤਲ ਦਾ ਸਕੈੱਚ ਵੀ ਜਾਰੀ ਕੀਤਾ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਭੋਪਾਲ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲੀਸ ਫੋਰਸ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ ਤੇ ਰਾਤ ਦੀ ਡਿਊਟੀ ਦੇਣ ਵਾਲੇ ਚੌਕੀਦਾਰਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਨ੍ਹਾਂ ਘਟਨਾਵਾਂ ਦੇ ਨਤੀਜੇ ਤੱਕ ਪਹੁੰਚ ਜਾਣਗੇ। ਵਧੀਕ ਐੱਸਪੀ ਵਿਕਰਮ ਸਿੰਘ ਕੁਸ਼ਵਾਹਾ ਨੇ ਕਿਹਾ ਕਿ ਛਾਉਣੀ ਥਾਣਾ ਖੇਤਰ ’ਚ 28-29 ਦੀ ਦਰਮਿਆਨੀ ਰਾਤ ਇੱਕ ਕਾਰਖਾਨੇ ’ਚ ਤਾਇਨਾਤ ਚੌਕੀਦਾਰ ਕਲਿਆਣ ਲੋਧੀ (50) ਦੀ ਸਿਰ ’ਚ ਹਥੌੜਾ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦਕਿ ਦੂਜੀ ਘਟਨਾ ਸਿਵਲ ਲਾਈਨ ਥਾਣਾ ਖੇਤਰ ’ਚ 29-30 ਅਗਸਤ ਦੀ ਦਰਮਿਆਨੀ ਰਾਤ ਨੂੰ ਵਾਪਰੀ ਜਦੋਂ ਆਰਟਸ ਤੇ ਕਾਮਰਸ ਕਾਲਜ ’ਚ ਤਾਇਨਾਤ ਚੌਕੀਦਾਰ ਸ਼ੰਭੂ ਨਾਰਾਇਣ ਦੂਬੇ (60) ਦੀ ਸਿਰ ’ਚ ਪੱਥਰ ਮਾਰ ਕੇ ਹੱਤਿਆ ਕਰ ਦਿੱਤੀ ਗਈ। ਤੀਜੀ ਘਟਨਾ 30-31 ਅਗਸਤ ਦੀ ਦਰਮਿਆਨੀ ਰਾਤ ਵਾਪਰੀ। -ਪੀਟੀਆਈ