ਮੋਰੈਨਾ: ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲ੍ਹੇ ਵਿਚ ਤੇਜ਼ ਰਫ਼ਤਾਰ ਰੇਲਗੱਡੀ ਦੀ ਫੇਟ ਵੱਜਣ ਕਰਕੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਦੋ ਹੈੱਡ ਕਾਂਸਟੇਬਲ ਹਲਾਕ ਹੋ ਗਏ। ਹਾਦਸਾ ਮੋਰੈਨਾ ਤੋਂ ਸੱਤ ਕਿਲੋਮੀਟਰ ਦੂਰ ਸਾਂਕ ਰੇਲਵੇ ਸਟੇਸ਼ਨ ’ਤੇ ਮੰਗਲਵਾਰ ਰਾਤ ਅੱਠ ਵਜੇ ਦੇ ਕਰੀਬ ਵਾਪਰਿਆ। ਮੋਰੈਨਾ ਆਰਪੀਐੱਫ ਪੁਲੀਸ ਸਟੇਸ਼ਨ ਦੇ ਇੰਚਾਰਜ ਹਰੀਕ੍ਰਿਸ਼ਨ ਮੀਨਾ ਨੇ ਕਿਹਾ ਕਿ ਜਦੋਂ ਹਾਦਸਾ ਵਾਪਰਿਆ, ਉਦੋਂ ਦੋਵੇਂ ਪੀੜਤ ਸਟੇਸ਼ਨ ’ਤੇ ਖੜੀ ਗਵਾਲੀਅਰ-ਆਗਰਾ ਯਾਤਰੀ ਰੇਲਗੱਡੀ ਦੀ ਚੈਕਿੰਗ ਕਰ ਰਹੇ ਸਨ। ਮੀਨਾ ਨੇ ਕਿਹਾ ਕਿ ਹੈੱਡ ਕਾਂਸਟੇਬਲ ਅਸ਼ੋਕ ਕੁਮਾਰ (56) ਤੇ ਨਵਰਾਜ ਸਿੰਘ (40) ਵਿਚਕਾਰਲੇ ਰੇਲ ਟਰੈਕ ’ਤੇ ਖੜ੍ਹ ਕੇ ਯਾਤਰੀ ਰੇਲਗੱਡੀ ਦਾ ਮੁਆਇਨਾ ਕਰ ਰਹੇ ਸਨ ਕਿ ਇਸ ਦੌਰਾਨ ਦਿੱਲੀ ਤੋਂ ਆਈ ਦੂਰਾਂਤੋ ਐਕਸਪ੍ਰੈੱਸ ਗੱਡੀ ਉਥੋਂ ਲੰਘੀ ਤੇ ਦੋਵਾਂ ਨੂੰ ਫੇਟ ਮਾਰ ਗਈ। ਟਰੈਕ ਦੇ ਦੂਜੇ ਪਾਸੇ ਮਾਲਗੱਡੀ ਖੜ੍ਹੀ ਹੋਣ ਕਰਕੇ ਪੀੜਤ ਮੁਲਾਜ਼ਮਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਣ ਦਾ ਮੌਕਾ ਵੀ ਨਹੀਂ ਮਿਲਿਆ। ਦੋਵਾਂ ਦੀ ਥਾਏਂ ਮੌਤ ਹੋ ਗਈ। ਲਾਸ਼ਾਂ ਮਗਰੋਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ। -ਪੀਟੀਆਈ