ਨਵੀਂ ਦਿੱਲੀ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਅਜੇ ਨਾ ਮੰਨੇ ਜਾਣ ਦੇ ਮੱਦੇਨਜ਼ਰ ਸ਼ਹੀਦ ਫੇਰੂਮਾਨ ਦਲ ਦੇ ਆਗੂ ਮਹੰਤ ਜਸਵੀਰ ਦਾਸ ਨੇ ਅੱਜ ਭੁੱਖ ਹੜਤਾਲ ਤੋਂ ਬਾਅਦ ਮਰਨ ਵਰਤ ਰੱਖ ਲਿਆ ਹੈ। ਸਿੰਘੂ ਬਾਰਡਰ ’ਤੇ 13 ਦਸੰਬਰ ਨੂੰ ਹੜਤਾਲ ਸ਼ੁਰੂ ਕਰਨ ਮੌਕੇ ਮਹੰਤ ਜਸਵੀਰ ਦਾਸ ਨੇ ਕੇਂਦਰ ਸਰਕਾਰ ਨੂੰ ਦਸ ਦਿਨ ਦਾ ਅਲਟੀਮੇਟਮ ਦਿੱਤਾ ਸੀ। ਹੁਣ ਆਪਣੇ ਵੱਲੋਂ ਦਿੱਤੀ ਚੁਣੌਤੀ ਤੋਂ ਬਾਅਦ ਅੱਜ ਜਸਵੀਰ ਦਾਸ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਮਰਨ ਵਰਤ ਵਿੱਚ ਉਨ੍ਹਾਂ ਦਾ ਸਾਥ ਸ਼ਹੀਦ ਫੇਰੂਮਾਨ ਦਲ ਦੇ ਪ੍ਰਧਾਨ ਜਸਵੀਰ ਸਿੰਘ ਢੀਂਡਸਾ, ਹੇਮੰਤ ਤੁਸ਼ਾਵਰ, ਰਣਧੀਰ ਸਿੰਘ ਦੇਸਵਾਲ ਦੇਣਗੇ। ਉਨ੍ਹਾਂ ਦਾ ਸਮਰਥਨ ਕਰਨ ਲਈ ਅੱਜ ਜਗਦੀਸ਼ ਸ਼ਰਮਾ, ਸੁਨੀਲ ਅਰੋੜਾ, ਜੈਰਾਮ ਸਿੰਘ, ਰਾਜੀਵ ਪਾਲ, ਇੰਦਰਪਾਲ ਸਿੰਘ ਤੇ ਹੋਰ ਵੀ ਸਿੰਘੂ ਪਹੁੰਚੇ। ਜਸਵੀਰ ਦਾਸ ਨੇ ਕਿਹਾ ਕਿ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਤੇ ਪਤਾ ਨਹੀਂ ਹੋਰ ਕਿੰਨੇ ਲੋਕਾਂ ਨੂੰ ਸ਼ਹਾਦਤ ਦੇਣੀ ਪਏਗੀ।