ਮੁੱਖ ਅੰਸ਼
- ਹਰਿਆਣਾ ਦੀਆਂ ਵੱਡੀ ਗਿਣਤੀ ਖਾਪ ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਲੈਣਗੀਆਂ ਹਿੱਸਾ
- ਹਰਿਆਣਾ ਦੇ ਖੇਤੀ ਮੰਤਰੀ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ
ਆਤਿਸ਼ ਗੁਪਤਾ
ਚੰਡੀਗੜ੍ਹ, 21 ਫਰਵਰੀ
ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਬਾਰੇ ਹਰਿਆਣਾ ਦੇ ਖੇਤੀ ਮੰਤਰੀ ਜੇ ਪੀ ਦਲਾਲ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨ ਕਾਰਨ ਕਿਸਾਨ ਆਗੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ 23 ਫਰਵਰੀ ਨੂੰ ਭਿਵਾਨੀ ’ਚ ਦਲਾਲ ਖ਼ਿਲਾਫ਼ ਕਿਸਾਨ ਮਹਾਪੰਚਾਇਤ ਕਰਾਉਣ ਦਾ ਐਲਾਨ ਕੀਤਾ ਹੈ। ਮਹਾਪੰਚਾਇਤ ਦੌਰਾਨ ਦਲਾਲ ਨੂੰ ਮੰਤਰੀ ਮੰਡਲ ’ਚੋਂ ਬਰਖਾਸਤ ਕਰਨ ਅਤੇ ਸੂਬੇ ਵਿੱਚ ਉਸ ਦਾ ਬਾਈਕਾਟ ਕਰਨ ਦਾ ਮਤਾ ਪਾਸ ਕੀਤਾ ਜਾਵੇਗਾ। ਇਸ ’ਚ ਸੂਬੇ ਦੀਆਂ ਖਾਪ ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਹਿੱਸਾ ਲੈਣਗੇ। ਭਾਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਆਗੂ ਰਵੀ ਆਜ਼ਾਦ ਵੱਲੋਂ 23 ਫਰਵਰੀ ਦੀ ਮਹਾਪੰਚਾਇਤ ਸਬੰਧੀ ਸੂਬੇ ਭਰ ਵਿੱਚ ਮੀਟਿੰਗਾਂ ਕੀਤੀ ਜਾ ਰਹੀਆਂ ਹਨ। ਸੂਬੇ ਦੀਆਂ ਖਾਪ ਪੰਚਾਇਤਾਂ, ਕਿਸਾਨ ਜਥੇਬੰਦੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੇ ਉਨ੍ਹਾਂ ਨੂੰ ਹਮਾਇਤ ਦਿੱਤੀ ਹੈ। ਕਿਸਾਨ ਆਗੂਆਂ ਵੱਲੋਂ 23 ਫਰਵਰੀ ਨੂੰ ‘ਪੱਗੜੀ ਸੰਭਾਲ ਦਿਵਸ’ ਮੌਕੇ ਮਹਾਪੰਚਾਇਤ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਪੱਗੜੀ ਬੰਨ੍ਹ ਕੇ ਆਉਣ ਦਾ ਸੱਦਾ ਦਿੱਤਾ ਗਿਆ ਹੈ।
ਸ੍ਰੀ ਆਜ਼ਾਦ ਨੇ ਕਿਹਾ ਕਿ ਭਾਜਪਾ ਆਗੂ ਸੱਤਾ ਦੇ ਨਸ਼ੇ ਵਿੱਚ ਸ਼ਹੀਦ ਕਿਸਾਨਾਂ ਦਾ ਅਪਮਾਨ ਕਰ ਰਹੇ ਹਨ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਰਿਆਣਾ ਦੇ ਖੇਤੀ ਮੰਤਰੀ ਦੇ ਵਿਵਾਦਿਤ ਬਿਆਨ ਖ਼ਿਲਾਫ਼ ਉਸ ਦੇ ਪੁਤਲੇ ਸਾੜਦਿਆਂ ‘ਜੇ ਪੀ ਦਲਾਲ ਕੁਰਸੀ ਛੱਡੋ’ ਮੁਹਿੰਮ ਸ਼ੁਰੂਆਤ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਜਨ ਵਿਰੋਧੀ ਚਾਲਾਂ ਨੂੰ ਹਰ ਕੋਈ ਸਮਝ ਚੁੱਕਿਆ ਹੈ ਅਤੇ ਦੇਸ਼ ਦਾ ਕਿਸਾਨ ਤਿੰਨੋਂ ਖੇਤੀ ਕਾਨੂੰਨ ਰੱਦ ਹੋਣ ਅਤੇ ਐੱਮਐੱਸਪੀ ’ਤੇ ਫ਼ਸਲਾਂ ਦੀ ਖ਼ਰੀਦ ਦਾ ਕਾਨੂੰਨ ਬਨਣ ਤੱਕ ਪਿੱਛੇ ਹਟਣ ਵਾਲਾ ਨਹੀਂ ਹੈ।