ਵਿਰਾਰ, 23 ਅਪਰੈਲ
ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਇਕ ਪ੍ਰਾਈਵੇਟ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ’ਚ ਅੱਗ ਲੱਗਣ ਕਾਰਨ ਕੋਵਿਡ-19 ਦੇ 13 ਮਰੀਜ਼ਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਸਮੇਂ ਹਸਪਤਾਲ ’ਚ 90 ਮਰੀਜ਼ ਦਾਖ਼ਲ ਸਨ ਜਿਨ੍ਹਾਂ ’ਚੋਂ 18 ਆਈਸੀਯੂ ’ਚ ਸਨ। ਮ੍ਰਿਤਕਾਂ ’ਚ ਪੰਜ ਔਰਤਾਂ ਸ਼ਾਮਲ ਹਨ। ਅੱਗ ਏਸੀ ਯੂਨਿਟ ’ਚ ਧਮਾਕਾ ਹੋਣ ਮਗਰੋਂ ਫੈਲੀ। ਆਈਸੀਯੂ ’ਚ ਧੂੰਆਂ ਫੈਲ ਗਿਆ ਅਤੇ ਕੁਝ ਥਾਵਾਂ ’ਤੇ ਛੱਤ ਡਿੱਗ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਹੈ ਜਦੋਂ ਦੋ ਦਿਨ ਪਹਿਲਾਂ ਨਾਸਿਕ ਦੇ ਸਰਕਾਰੀ ਹਸਪਤਾਲ ’ਚ ਆਕਸੀਜਨ ਸਲਪਾਈ ਬੰਦ ਹੋਣ ਕਾਰਨ ਕਰੋਨਾ ਦੇ 22 ਮਰੀਜ਼ਾਂ ਦੀ ਮੌਤ ਹੋ ਗਈ ਸੀ। ਅੱਗ ਤੜਕੇ 3 ਵਜੇ ਦੇ ਕਰੀਬ ਵਿਰਾਰ ਦੇ ਚਾਰ ਮੰਜ਼ਿਲਾ ਵਿਜੈ ਵੱਲਭ ਹਸਪਤਾਲ ਦੀ ਦੂਜੀ ਮੰਜ਼ਿਲ ’ਤੇ ਆਈਸੀਯੂ ’ਚ ਲੱਗੀ। ਅਧਿਕਾਰੀਆਂ ਮੁਤਾਬਕ ਅੱਗ ਬੁਝਾਊ ਦਸਤੇ ਨੇ 5 ਵਜ ਕੇ 20 ਮਿੰਟ ’ਤੇ ਅੱਗ ਉਪਰ ਕਾਬੂ ਪਾਇਆ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਮ੍ਰਿਤਕਾਂ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ’ਚੋਂ ਮ੍ਰਿਤਕਾਂ ਦੇ ਵਾਰਿਸਾਂ ਨੂੰ ਦੋ-ਦੋ ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਸਪਤਾਲ ’ਚ ਅੱਗ ਬੁਝਾਉਣ ਲਈ ਲੋੜੀਂਦੇ ਯੰਤਰ ਨਹੀਂ ਸਨ। -ਪੀਟੀਆਈ
ਵਿਰਾਰ ਅਗਨੀ ਕਾਂਡ ਕੋਈ ਕੌਮੀ ਖ਼ਬਰ ਨਹੀਂ: ਸਿਹਤ ਮੰਤਰੀ
ਮੁੰਬਈ: ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਵਿਰਾਰ ਦੇ ਪ੍ਰਾਈਵੇਟ ਹਸਪਤਾਲ ’ਚ ਲੱਗੀ ਅੱਗ ਕਾਰਨ ਕਰੋਨਾ ਦੇ 13 ਮਰੀਜ਼ਾਂ ਦੀ ਮੌਤ ਹੋਣ ’ਤੇ ਕਿਹਾ ਕਿ ’ਇਹ ਕੋਈ ਕੌਮੀ ਖ਼ਬਰ ਨਹੀ’ ਹੈ। ਉਂਜ ਬਾਅਦ ’ਚ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਹ ਪੱਤਰਕਾਰਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਣ ਵਾਲੇ ਵਿਚਾਰ ਵਟਾਂਦਰੇ ਬਾਰੇ ਗੱਲਬਾਤ ਕਰ ਰਹੇ ਸਨ ਪਰ ਅਚਾਨਕ ਹੀ ਵਿਰਾਰ ਅਗਨੀ ਕਾਂਡ ਬਾਰੇ ਸਵਾਲ ਪੁੱਛਣ ’ਤੇ ਉਨ੍ਹਾਂ ਇਹ ਗੱਲ ਆਖੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੋਪੇ ਨੇ ਕਿਹਾ ਸੀ,‘‘ਅਸੀਂ ਆਕਸੀਜਨ ਅਤੇ ਰੈਮਡੇਸਿਵਿਰ ਬਾਰੇ (ਪ੍ਰਧਾਨ ਮੰਤਰੀ ਨਾਲ) ਗੱਲ ਕਰਾਂਗੇ…ਵਿਰਾਰ ਹਾਦਸਾ ਹਾਲਾਂਕਿ ਕੌਮੀ ਖ਼ਬਰ ਨਹੀਂ ਹੈ ਜਿਸ ਬਾਰੇ ਗੱਲ ਕੀਤੀ ਜਾਵੇ।’’ ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਦੇ ਆਧਾਰ ’ਤੇ ਗੱਲ ਕੀਤੀ ਜਾਣੀ ਚਾਹੀਦੀ ਹੈ ਅਤੇ ਉਹ ਵੀ ਸੰਵੇਦਨਸ਼ੀਲ ਵਿਅਕਤੀ ਹਨ। -ਪੀਟੀਆਈ