ਨਾਸਿਕ, 8 ਅਕਤੂੁਬਰ
ਮਹਾਰਾਸ਼ਟਰ ਦੇ ਸ਼ਹਿਰ ਨਾਸਿਕ ਵਿੱਚ ਇੱਕ ਟਰੱਕ ਨਾਲ ਟਕਰਾਉਣ ਮਗਰੋਂ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ ਇੱਕ ਦੋ ਸਾਲ ਦੇ ਬੱਚੇ ਸਣੇ 12 ਯਾਤਰੀਆਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ 43 ਹੋਰ ਜ਼ਖ਼ਮੀ ਹੋ ਗਏ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ ਸਵਾ ਪੰਜ ਵਜੇ ਨਾਂਦੁਰ ਨਾਕਾ ਨੇੜੇ ਨਾਸਿਕ-ਔਰੰਗਾਬਾਦ ਹਾਈਵੇਅ ’ਤੇ ਵਾਪਰਿਆ। ਸਲੀਪਰ ਬੱਸ ਪੂਰਬੀ ਮਹਾਰਾਸ਼ਟਰ ਦੇ ਯਵਾਤਮਾਲ ਤੋਂ ਮੁੰਬਈ ਜਾ ਰਹੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ। ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਅਤੇ ਜ਼ਖ਼ਮੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਪੰਜ-ਪੰਜ ਲੱਖ ਅਤੇ ਜ਼ਖ਼ਮੀਆਂ ਦਾ ਸਾਰਾ ਖ਼ਰਚਾ ਸੂਬਾ ਸਰਕਾਰ ਵੱਲੋਂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਘਟਨਾ ਸਥਾਨ ਤੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦਾ ਦੌਰਾ ਕਰਕੇ ਜ਼ਖ਼ਮੀਆਂ ਦਾ ਹਾਲ ਜਾਣਿਆ। ਮੁੱਖ ਮੰਤਰੀ ਕਿਹਾ ਕਿ ਹਾਦਸੇ ਦੀ ਵਿਸ਼ੇਸ਼ ਜਾਂਚ ਕਰਵਾਈ ਜਾਵੇਗੀ। ਨਾਸਿਕ ਦੇ ਪੁਲੀਸ ਕਮਿਸ਼ਨਰ ਜੈਅੰਤ ਨਾਇਕਨਵਾਰੇ ਨੇ ਦੱਸਿਆ ਕਿ ਅੱਗ ਲੱਗਣ ਤੋਂ ਪਹਿਲਾਂ ਬੱਸ ਨੇ ਇੱਕ ਮਿਨੀ ਕਾਰਗੋ ਵੈਨ ਨੂੰ ਟੱਕਰ ਮਾਰੀ, ਜਿਸ ਕਾਰਨ ਬੱਸ ਪਲਟ ਗਈ। ਸੂਚਨਾ ਮਿਲਣ ’ਤੇ ਪੁਲੀਸ, ਫਾਇਰ ਬ੍ਰਿਗੇਡ ਅਤੇ ਹੋਰ ਏਜੰਸੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ ਗਿਆ। ਹਾਲਾਂਕਿ, ਘਟਨਾ ਦੌਰਾਨ ਬੱਸ ਪੂਰੀ ਤਰ੍ਹਾਂ ਸੜ ਗਈ। ਹਾਦਸੇ ਦੌਰਾਨ ਮੌਕੇ ’ਤੇ ਮੌਜੂਦ ਕੁੱਝ ਲੋਕਾਂ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਉਹ ਕੁਝ ਦੇਰ ਤੱਕ ਯਾਤਰੀਆਂ ਨੂੰ ਬਚਾਉਣ ਲਈ ਕੁਝ ਨਹੀਂ ਕਰ ਸਕੇ ਅਤੇ ਬੇਵੱਸ ਹੋ ਕੇ ਉੱਥੇ ਖੜ੍ਹੇ ਰਹੇ। -ਪੀਟੀਆਈ