ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ (ਐੱਮਐੱਸਸੀਬੀ) ਘੁਟਾਲੇ ਦੇ ਮਾਮਲੇ ਵਿਚ ਕਾਲੇ ਧਨ ਨੂੰ ਸਫ਼ੈਦ ਕਰਨ ਸਬੰਧੀ ਕਾਰਵਾਈ ਕਰਦੇ ਹੋਏ ਅੱਜ ਮਹਾਰਾਸ਼ਟਰ ਦੇ ਮੰਤਰੀ ਪ੍ਰਜਕਤ ਤਾਨਪੁਰੇ ਅਤੇ ਹੋਰਾਂ ਦੀ ਕਰੀਬ 94 ਏਕੜ ਜ਼ਮੀਨ ਕੁਰਕ ਕੀਤੀ ਹੈ। ਤਾਨਪੁਰੇ ਮਹਾਰਾਸ਼ਟਰ ਸਰਕਾਰ ਦੇ ਸ਼ਹਿਰੀ ਵਿਕਾਸ, ਊਰਜਾ, ਜਨਜਾਤੀ ਵਿਕਾਸ, ਉੱਚ ਤੇ ਤਕਨੀਕੀ ਸਿੱਖਿਆ ਅਤੇ ਆਫਤ ਪ੍ਰਬੰਧਨ ਮਾਮਲਿਆਂ ਦੇ ਮੰਤਰੀ ਹਨ। ਉਹ ਰਾਸ਼ਟਰਵਾਦੀ ਕਾਂਗਰਸੀ ਪਾਰਟੀ ਨਾਲ ਸਬੰਧਤ ਚੌਥੇ ਮੰਤਰੀ ਹਨ ਜਿਨ੍ਹਾਂ ਨੂੰ ਕੇਂਦਰੀ ਜਾਂਚ ਏਜੰਸੀ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਉਹ ਰਾਹੁਰੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਦੋਸ਼ ਹਨ ਕਿ ਸਹਿਕਾਰੀ ਖੰਡ ਮਿੱਲਾਂ ਬੈਂਕ ਦੇ ਤਤਕਾਲੀ ਅਧਿਕਾਰੀਆਂ ਅਤੇ ਨਿਰਦੇਸ਼ਕਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਕੁਝ ਲੋਕਾਂ ਨੂੰ ਬਹੁਤ ਘੱਟ ਕੀਮਤਾਂ ’ਤੇ ਵੇਚ ਦਿੱਤੀਆਂ ਸਨ। ਈਡੀ ਮੁਤਾਬਕ ਰਾਮ ਗਣੇਸ਼ ਗਡਕਰੀ ਸਹਿਕਾਰੀ ਸੇਖਰ ਮਿੱਲ ਦੀ ਕਰੀਬ 90 ਏਕੜ ਜ਼ਮੀਨ ਜੋ ਕਿ ਤਕਸ਼ਸਿਲਾ ਸਕਿਓਰਟੀਜ਼ ਪ੍ਰਾਈਵੇਟ ਲਿਮਿਟਡ ਦੇ ਨਾਮ ’ਤੇ ਹੈ ਅਤੇ ਪ੍ਰਜਕਤ ਤਾਨਪੁਰੇ ਦੀ ਦੋ ਥਾਈਂ ਪਈ ਕਰੀਬ 4.6 ਏਕੜ ਜਿਸ ਦੀ ਕੀਮਤ ਕਰੀਬ 7.6 ਕਰੋੜ ਰੁਪਏ ਹੈ, ਕੁਰਕ ਕੀਤੀ ਗਈ ਹੈ। -ਪੀਟੀਆਈ