ਠਾਣੇ: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਕਲਿਆਣ ਦਿਹਾਤੀ ਵਿਧਾਨ ਸਭਾ ਹਲਕੇ ’ਚ ਚੋਣ ਕਮਿਸ਼ਨ ਦੀ ਸਟੈਟਿਕ ਨਿਗਰਾਨੀ ਟੀਮ (ਐੱਸਐੱਸਟੀ) ਨੇ ਅੱਜ ਵਾਹਨ ’ਚੋਂ 5.55 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਚੋਣ ਅਧਿਕਾਰੀ ਵਿਸ਼ਵਾਸ ਗੁੱਜਰ ਨੇ ਦੱਸਿਆ ਕਿ ਟੀਮ ਨੇ ਸਵੇਰੇ ਸਿਲਫਾਟਾ ਇਲਾਕੇ ’ਚ ਤਾਇਨਾਤੀ ਦੌਰਾਨ ਇੱਕ ਵਾਹਨ ਰੋਕਿਆ ਅਤੇ ਉਸ ’ਚੋਂ 5.55 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ। ਉਨ੍ਹਾਂ ਕਿਹਾ, ‘ਕਿਉਂਕਿ ਇਹ ਰਾਸ਼ੀ 10 ਲੱਖ ਰੁਪਏ ਦੀ ਨਿਰਧਾਰਤ ਹੱਦ ਤੋਂ ਵੱਧ ਸੀ ਇਸ ਲਈ ਮਾਮਲਾ ਜਾਂਚ ਲਈ ਆਮਦਨ ਕਰ ਵਿਭਾਗ ਕੋਲ ਭੇਜ ਦਿੱਤਾ ਗਿਆ ਹੈ।’ ਉਨ੍ਹਾਂ ਦੱਸਿਆ ਨਕਦੀ ਦੀ ਜਾਂਚ ਮੈਜਿਸਟਰੇਟ ਦੀ ਮੌਜੂਦਗੀ ’ਚ ਕੀਤੀ ਗਈ ਅਤੇ ਬਾਅਦ ਵਿਚ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਇਹ ਰਾਸ਼ੀ ਜ਼ਬਤ ਕਰ ਲਈ। ਉਨ੍ਹਾਂ ਦੱਸਿਆ ਕਿ ਰਾਸ਼ੀ ਦੇ ਸਰੋਤ ਤੇ ਇਸ ਦੀ ਵਰਤੋਂ ਦਾ ਮੰਤਵ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ