ਥਾਣੇ (ਮਹਾਰਾਸ਼ਟਰ), 19 ਜੁਲਾਈ
ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ ਅਧੀਨ ਕਾਲਵਾ ਇਲਾਕੇ ਦੀ ਸਲੱਮ ਕਲੋਨੀ ’ਚ ਸੋਮਵਾਰ ਨੂੰ ਭਾਰੀ ਬਾਰਿਸ਼ ਕਾਰਨ ਇੱਕ ਘਰ ’ਤੇ ਢਿੱਗ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ’ਚ ਤਿੰਨ ਬੱਚੇ ਵੀ ਸ਼ਾਮਲ ਹਨ। ਥਾਣੇ ਮਿਊਂਸਿਪਲ ਕਾਰਪੋਰੇਸ਼ਨ ਦੇ ਖੇਤਰੀ ਆਫ਼ਤ ਪ੍ਰਬੰਧਨ ਸੈੱਲ ਮੁਖੀ ਸੰਤੋਸ਼ ਕਦਮ ਨੇ ਦੱਸਿਆ ਕਿ ਇਹ ਘਟਨਾ ਘੋਲਈ ਨਗਰ ’ਚ ਵਾਪਰੀ ਜਿੱਥੇ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਮਲਬੇ ਹੇਠ ਜ਼ਿੰਦਾ ਦੱਬੇ ਗਏ। ਬਚਾਅ ਅਮਲੇ ਵੱਲੋਂ ਮਲਬੇ ਹੇਠੋਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਦੋ ਬੱਚਿਆਂ ਨੂੰ ਬਚਾਅ ਲਿਆ ਗਿਆ।
ਚੰਡੀਗੜ੍ਹ: ਹਰਿਆਣਾ ਦੇ ਜ਼ਿਲ੍ਹੇ ਗੁੜਗਾਉਂ ਅਧੀਨ ਪੈਂਦੇ ਖਵਾਸਪੁਰ ’ਚ ਇੱਕ ਤਿੰਨਾ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ। ਖਵਾਸਪੁਰ ਦੇ ਫਰੂਕਨਗਰ ’ਚ ਇਮਾਰਤ ਡਿੱਗਣ ਦੀ ਘਟਨਾ ਐਤਵਾਰ ਰਾਤ ਨੂੰ ਵਾਪਰੀ ਅਤੇ ਮਲਬੇ ਹੇਠ ਪੰਜ ਤੋਂ ਛੇ ਜਣਿਆਂ ਦੇ ਫਸੇ ਹੋਣ ਦਾ ਖਦਸ਼ਾ ਪ੍ਰਗਾਇਆ ਜਾ ਰਿਹਾ ਸੀ। ਇਹ ਜਾਣਕਾਰੀ ਦਿੰਦਿਆਂ ਪੁਲੀਸ ਨੇ ਸੋਮਵਾਰ ਨੂੰ ਦੱਸਿਆ ਕਿ ਬਚਾਅ ਅਮਲੇ ਵੱਲੋਂ ਭਾਰੀ ਦੌਰਾਨ 20 ਘੰਟਿਆਂ ਦੇ ਅਪਰੇਸ਼ਨ ਮਗਰੋਂ ਮਲਬੇ ’ਚ ਤਿੰਨ ਲਾਸ਼ਾਂ ਕੱਢੀਆਂ ਗਈਆਂ। ਘਟਨਾ ’ਚ ਇੱਕ ਵਿਅਕਤੀ ਜ਼ਖ਼ਮੀ ਵੀ ਹੋਇਆ ਹੈ। ਗੁੜਗਾਉਂ ਦੇ ਡਿਪਟੀ ਕਮਿਸ਼ਨਰ ਵੱਲੋਂ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। -ਪੀਟੀਆਈ