ਸਾਂਗਲੀ(ਮਹਾਰਾਸ਼ਟਰ), 14 ਸਤੰਬਰ
ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿੱਚ ਬੱਚੇ ਚੋਰੀ ਕਰਨ ਵਾਲਿਆਂ ਦੇ ਸ਼ੱਕ ਹੇਠ ਲੋਕਾਂ ਵੱਲੋਂ ਚਾਰ ਸਾਧੂਆਂ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ। ਹਾਲਾਂਕਿ, ਸਾਧੂਆਂ ਨੇ ਮੰਗਲਵਾਰ ਨੂੰ ਵਾਪਰੀ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਬਾਅਦ ਵੀ ਇਸ ਸਬੰਧੀ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ ਹੈ। ਇਹ ਘਟਨਾ ਜਾਟ ਤਹਿਸੀਲ ਦੇ ਲਵੰਗਾ ਪਿੰਡ ਵਿੱਚ ਉਦੋਂ ਵਾਪਰੀ ਜਦੋਂ ਉੱਤਰ ਪ੍ਰਦੇਸ਼ ਦੇ ਰਹਿਣ ਚਾਰ ਵਿਅਕਤੀ ਇਕ ਕਾਰ ਵਿੱਚ ਕਰਨਾਟਕ ਦੇ ਬੀਜਾਪੁਰ ਤੋਂ ਪੰਢਰਪੁਰ ਸ਼ਹਿਰ ਵੱਲ ਜਾ ਰਹੇ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਸੋਮਵਾਰ ਨੂੰ ਪਿੰਡ ਦੇ ਇਕ ਮੰਦਿਰ ਵਿੱਚ ਰੁਕੇ ਸਨ ਅਤੇ ਮੰਗਲਵਾਰ ਨੂੰ ਅੱਗੇ ਜਾਣ ਤੋਂ ਪਹਿਲਾਂ ਇਨ੍ਹਾਂ ਨੇ ਇਕ ਬੱਚੇ ਤੋਂ ਰਾਹ ਪੁੱਛਿਆ ਸੀ। ਇਸ ਤੋਂ ਕੁਝ ਸਥਾਨਕ ਲੋਕਾਂ ਨੂੰ ਸ਼ੱਕ ਹੋਇਆ ਕਿ ਉਹ ਬੱਚਿਆਂ ਨੂੰ ਅਗਵਾ ਕਰਨ ਵਾਲੇ ਗਰੋਹ ਦੇ ਮੈਂਬਰ ਹਨ। ਅਧਿਕਾਰੀ ਅਨੁਸਾਰ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ ਤੇ ਮਗਰੋਂ ਇਕੱਠੇ ਹੋਏ ਲੋਕਾਂ ਨੇ ਡੰਡਿਆਂ ਨਾਲ ਇਨ੍ਹਾਂ ਦੀ ਕੁੱਟਮਾਰ ਕੀਤੀ। –ਏਜੰਸੀ