ਮੁੰਬਈ, 18 ਨਵੰਬਰ
ਮਹਾਰਾਸ਼ਟਰ ਸਰਕਾਰ ਜੇਲ੍ਹ ’ਚ ਬੰਦ ਕਵੀ-ਕਾਰਕੁਨ ਵਰਵਰਾ ਰਾਓ ਨੂੰ 15 ਦਿਨਾਂ ਲਈ ਇਲਾਜ ਵਾਸਤੇ ਇਥੋਂ ਦੇ ਨਾਨਾਵਤੀ ਹਸਪਤਾਲ ’ਚ ਤਬਦੀਲ ਕਰਨ ਲਈ ਸਹਿਮਤ ਹੋ ਗਈ ਹੈ। ਜਸਟਿਸ ਐੱਸ ਐੱਸ ਸ਼ਿੰਦੇ ਅਤੇ ਮਾਧਵ ਜਾਮਦਾਰ ਦੇ ਬੈਂਚ ਵੱਲੋਂ ਦਖ਼ਲ ਦਿੱਤੇ ਜਾਣ ਮਗਰੋਂ ਸੂਬਾ ਸਰਕਾਰ ਨੇ ਕਿਹਾ ਕਿ ਊਹ ਵਰਵਰਾ ਰਾਓ (91) ਨੂੰ ‘ਸਪੈਸ਼ਲ ਕੇਸ’ ਤਹਿਤ ਨਾਨਾਵਤੀ ਹਸਪਤਾਲ ’ਚ ਤਬਦੀਲ ਕਰੇਗੀ। ਸ੍ਰੀ ਰਾਓ ਨੂੰ ਐਲਗਾਰ ਪਰਿਸ਼ਦ ਦੇ ਸਮਾਗਮ ’ਚ ਹਿੱਸਾ ਲੈਣ ਅਤੇ ਮਾਓਵਾਦੀਆਂ ਨਾਲ ਸਬੰਧਾਂ ਦੇ ਦੋਸ਼ ਹੇਠ ਫੜਿਆ ਗਿਆ ਸੀ ਅਤੇ ਊਹ ਨਵੀ ਮੁੰਬਈ ਦੀ ਤਾਲੋਜਾ ਜੇਲ੍ਹ ’ਚ ਬੰਦ ਹਨ। ਮਹਾਰਾਸ਼ਟਰ ਸਰਕਾਰ ਦੇ ਵਕੀਲ ਦੀਪਕ ਠਾਕਰੇ ਨੇ ਅਦਾਲਤ ਨੂੰ ਦੱਸਿਆ ਕਿ ਊਨ੍ਹਾਂ ਨੂੰ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਤੋਂ ਨਿਰਦੇਸ਼ ਮਿਲੇ ਹਨ ਕਿ ਵਰਵਰਾ ਰਾਓ ਨੂੰ ਨਾਨਾਵਤੀ ਹਸਪਤਾਲ ’ਚ ਤਬਦੀਲ ਕਰਨ ’ਤੇ ਊਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਅਦਾਲਤ ਨੇ ਹਦਾਇਤ ਕੀਤੀ ਕਿ ਸ੍ਰੀ ਰਾਓ ਦੇ ਇਲਾਜ ਦਾ ਖ਼ਰਚਾ ਸੂਬੇ ਵੱਲੋਂ ਸਹਿਣ ਕੀਤਾ ਜਾਵੇ। ਹਾਈ ਕੋਰਟ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਅਦਾਲਤ ਨੂੰ ਦੱਸੇ ਬਿਨਾਂ ਸ੍ਰੀ ਰਾਓ ਨੂੰ ਹਸਪਤਾਲ ਤੋਂ ਛੁੱਟੀ ਨਾ ਦਿੱਤੀ ਜਾਵੇ। ਬੈਂਚ ਨੇ ਕਿਹਾ ਕਿ ਊਨ੍ਹਾਂ ਦੀਆਂ ਸਾਰੀਆਂ ਮੈਡੀਕਲ ਰਿਪੋਰਟਾਂ ਅਦਾਲਤ ਕੋਲ ਪੇਸ਼ ਕੀਤੀਆਂ ਜਾਣ ਅਤੇ ਸ੍ਰੀ ਰਾਓ ਦੇ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ’ਚ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ।
ਬੈਂਚ ਨੇ ਸ੍ਰੀ ਰਾਓ ਦੀ ਪਤਨੀ ਹੇਮਲਤਾ ਵੱਲੋਂ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਹ ਹੁਕਮ ਜਾਰੀ ਕੀਤੇ। ਸ੍ਰੀ ਰਾਓ ਵੱਲੋਂ ਮੈਡੀਕਲ ਆਧਾਰ ’ਤੇ ਜ਼ਮਾਨਤ ਦੇਣ ਦੀ ਮੰਗ ਵਾਲੀ ਅਰਜ਼ੀ ’ਤੇ ਵੀ ਅਦਾਲਤ ਨੇ ਸੁਣਵਾਈ ਕੀਤੀ। ਊਨ੍ਹਾਂ ਦੀ ਵਕੀਲ ਇੰਦਰਾ ਜੈਸਿੰਘ ਨੇ ਜ਼ਮਾਨਤ ਅਰਜ਼ੀ ਲਈ ਊਦੋਂ ਦਬਾਅ ਨਹੀਂ ਬਣਾਇਆ ਜਦੋਂ ਹਾਈ ਕੋਰਟ ਨੇ ਸੁਝਾਅ ਦਿੱਤਾ ਕਿ ਊਹ ਸ੍ਰੀ ਰਾਓ ਨੂੰ ਨਾਨਾਵਤੀ ਹਸਪਾਤਲ ’ਚ ਦਾਖ਼ਲ ਕਰਵਾਊਣ ਦੀ ਅੰਤਰਿਮ ਰਾਹਤ ’ਤੇ ਹੀ ਆਪਣੀਆਂ ਦਲੀਲਾਂ ਕੇਂਦਰਤ ਕਰਨ। ਇੰਦਰਾ ਜੈਸਿੰਘ ਨੇ ਕਿਹਾ ਕਿ ਸ੍ਰੀ ਰਾਓ ਦੀ ਯਾਦਦਾਸ਼ਤ ਕਮਜ਼ੋਰ ਹੋ ਗਈ ਹੈ ਤੇ ਜੇਲ੍ਹ ’ਚ ਊਨ੍ਹਾਂ ਨੂੰ ਲਾਗ ਲੱਗ ਗਈ ਹੈ ਅਤੇ ਸਿਹਤ ਵਿਗੜਦੀ ਜਾ ਰਹੀ ਹੈ। ਊਨ੍ਹਾਂ ਕਿਹਾ ਕਿ ਸ੍ਰੀ ਰਾਓ ਨੂੰ ਫੌਰੀ ਇਲਾਜ ਦੀ ਲੋੜ ਹੈ ਅਤੇ ਊਨ੍ਹਾਂ ਦਾ ਤਾਲੋਜਾ ਜੇਲ੍ਹ ਦੇ ਹਸਪਤਾਲ ’ਚ ਇਲਾਜ ਨਹੀਂ ਹੋ ਸਕਦਾ ਹੈ। ਇਸ ’ਤੇ ਬੈਂਚ ਨੇ ਸੂਬਾ ਸਰਕਾਰ ਅਤੇ ਐੱਨਆਈਏ ਨੂੰ ਕਿਹਾ ਕਿ ਵਿਅਕਤੀ ਮਰਨ ਕਿਨਾਰੇ ਹੈ ਅਤੇ ਊਸ ਨੂੰ ਇਲਾਜ ਦੀ ਲੋੜ ਹੈ ਤਾਂ ਕੀ ਸੂਬਾ ਸਰਕਾਰ ਆਖੇਗੀ ਕਿ ਊਹ ਤਾਲੋਜਾ ’ਚ ਹੀ ਊਸ ਦਾ ਇਲਾਜ ਕਰਨਗੇ। ਇਸ ਮਗਰੋਂ ਸੂਬਾ ਸਰਕਾਰ ਊਨ੍ਹਾਂ ਨੂੰ ਨਾਨਾਵਤੀ ਹਸਪਤਾਲ ਭੇਜਣ ਲਈ ਰਾਜ਼ੀ ਹੋ ਗਈ। ਹੁਣ ਇਸ ਮਾਮਲੇ ’ਤੇ ਅੱਗੇ 3 ਦਸੰਬਰ ਨੂੰ ਸੁਣਵਾਈ ਹੋਵੇਗੀ।
-ਪੀਟੀਆਈ