ਮੁੰਬਈ, 27 ਜਨਵਰੀ
ਮਰਾਠਾ ਭਾਈਚਾਰੇ ਨੂੰ ਰਾਖਵਾਂਕਰਨ ਦਿਵਾਉਣ ਲਈ ਸੰਘਰਸ਼ਸ਼ੀਲ ਕਾਰਕੁਨ ਮਨੋਜ ਜਾਰਾਂਗੇ ਨੇ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਮਗਰੋਂ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਮਰਾਠਾ ਭਾਈਚਾਰੇ ਨੂੰ ਰਾਖਵਾਂਕਰਨ ਨਹੀਂ ਮਿਲ ਜਾਂਦਾ ਉਦੋਂ ਤੱਕ ਉਨ੍ਹਾਂ ਨੂੰ ਓਬੀਸੀ ਨੂੰ ਦਿੱਤੇ ਜਾਣ ਵਾਲੇ ਲਾਭ ਮਿਲਣਗੇ। ਜਾਰਾਂਗੇ ਨੇ ਸ਼ੁੱਕਰਵਾਰ ਨੂੰ ਨਵੀਂ ਮੁੰਬਈ ਦੇ ਵਾਸ਼ੀ ਵਿੱਚ ਹਜ਼ਾਰਾਂ ਸਮਰਥਕਾਂ ਦੀ ਹਾਜ਼ਰੀ ’ਚ ਭੁੱਖ ਹੜਤਾਲ ਸ਼ੁਰੂ ਕੀਤੀ ਸੀ।
ਮਹਾਰਾਸ਼ਟਰ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰ ਕੇ ਮਰਾਠਾ ਭਾਈਚਾਰੇ ਦੇ ਮੈਂਬਰਾਂ ਦੇ ਉਨ੍ਹਾਂ ਸਕੇ-ਸਬੰਧੀਆਂ ਨੂੰ ‘ਕੁਨਬੀ’ ਵਜੋਂ ਮਾਨਤਾ ਦੇ ਦਿੱਤੀ ਹੈ, ਜਿਨ੍ਹਾਂ ਦੇ ਕੁਨਬੀ ਜਾਤੀ ਨਾਲ ਸਬੰਧਤ ਹੋਣ ਦੇ ਰਿਕਾਰਡ ਮਿਲੇ ਹਨ। ਮਨੋਜ ਜਾਰਾਂਗੇ ਨੇ ਅੱਜ ਸਵੇਰੇ ਐਲਾਨ ਕੀਤਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ ਅਤੇ ਉਹ ਆਪਣਾ ਪ੍ਰਦਰਸ਼ਨ ਵਾਪਸ ਲੈ ਰਹੇ ਹਨ। ਹਲਾਂਕਿ ਜਾਰਾਂਗੇ ਨੇ ਇਹ ਵੀ ਕਿਹਾ ਕਿ ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਦੁਬਾਰਾ ਭੁੱਖ ਹੜਤਾਲ ਸ਼ੁਰੂ ਕਰਨਗੇ। ਕਾਰਕੁਨ ਮਨੋਜ ਜਾਰਾਂਗੇ ਨੇ ਪਿਛਲੇ ਸ਼ਨਿਚਰਵਾਰ ਨੂੰ ਜਾਲਨਾ ਜ਼ਿਲ੍ਹੇ ’ਚ ਆਪਣੇ ਜੱਦੀ ਪਿੰਡ ਅੰਤਰਵਲੀ ਸਾਰਾਤੀ ਤੋਂ ਰੋਸ ਮਾਰਚ ਸ਼ੁਰੂ ਕੀਤਾ ਸੀ। ਉਨ੍ਹਾਂ ਵੱਲੋਂ 26 ਜਨਵਰੀ ਨੂੰ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ’ਚ ਭੁੱਖ ਹੜਤਾਲ ਸ਼ੁਰੂ ਕਰਨ ਦੀ ਯੋਜਨਾ ਸੀ। ਪ੍ਰਦਰਸ਼ਨਕਾਰੀ ਸ਼ੁੱਕਰਵਾਰ ਸਵੇਰੇ ਵਾਸ਼ੀ ਪਹੁੰਚੇ ਅਤੇ ਸਾਰੀ ਰਾਤ ਉੱਥੇ ਰਹੇ। ਮੁੰਬਈ ਪੁਲੀਸ ਨੇ ਜਾਰਾਂਗੇ ਨੂੰ ਨੋਟਿਸ ਜਾਰੀ ਕਰ ਕੇ ਕਿਹਾ ਸੀ ਕਿ ਸ਼ਹਿਰ ਦੀ ਕਿਸੇ ਵੀ ਗਰਾਊਂਡ ਵਿੱਚ ਇੰਨੇ ਜ਼ਿਆਦਾ ਪ੍ਰਦਰਸ਼ਨਕਾਰੀਆਂ ਲਈ ਜਗ੍ਹਾ ਨਹੀਂ ਹੈ। ਜਾਰਾਂਗੇ ਨੇ ਚਿਤਾਵਨੀ ਦਿੱਤੀ ਸੀ ਕਿ ਮੰਗਾਂ ਨਾ ਮੰਨੇ ਜਾਣ ’ਤੇ ਉਨ੍ਹਾਂ ਦੇ ਸਮਰਥਕ ਸ਼ਨਿਚਰਵਾਰ ਨੂੰ ਮੁੰਬਈ ’ਚ ਦਾਖਲ ਹੋਣਗੇ। ਜਦਕਿ ਸਰਕਾਰ ਨੇ ਵਫ਼ਦ ਭੇਜ ਕੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ। ਮਹਾਰਾਸ਼ਟਰ ਸਰਕਾਰ ਨੇ ਸ਼ੁੱਕਰਵਾਰ ਰਾਤ ਜਾਰਾਂਗੇ ਦੀਆਂ ਮੰਗਾਂ ਸਬੰਧੀ ਉਨ੍ਹਾਂ ਨੂੰ ਇੱਕ ਖਰੜਾ ਭੇਜਿਆ ਸੀ ਅਤੇ ਅੱਜ ਮੰਗਾਂ ਮੰਨਣ ਦਾ ਐਲਾਨ ਕਰ ਦਿੱਤਾ। -ਪੀਟੀਆਈ