ਪੁਣੇ, 21 ਜੁਲਾਈ
ਮਹਾਰਾਸ਼ਟਰ ਦੇ ਸਾਂਗਲੀ, ਕੋਹਲਾਪੁਰ ਤੇ ਅਹਿਮਦਨਗਰ ਜ਼ਿਲ੍ਹਿਆਂ ਵਿਚ ਡੇਅਰੀ ਦਾ ਧੰਦਾ ਕਰ ਰਹੇ ਕਿਸਾਨਾਂ ਨੇ ਆਪਣੀਆਂ ਵੱਖ-ਵੱਖ ਮੰਗਾਂ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਉਹ ਦੁੱਧ ਦੀ ਖ਼ਰੀਦ ਕੀਮਤ ਵਿਚ ਵਾਧੇ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦੀ ਜਥੇਬੰਦੀ ‘ਸਵਾਭਿਮਾਨੀ ਸ਼ੇਤਕਾਰੀ ਸੰਗਠਨ’ ਰਾਜੂ ਸ਼ੈੱਟੀ ਦੀ ਅਗਵਾਈ ਵਿਚ ਦੁੱਧ ਦੇ ਟੈਂਕਰ ਰੋਕ ਰਿਹਾ ਹੈ ਤੇ ਦੁੱਧ ਨੂੰ ਪੁਣੇ-ਬੰਗਲੁਰੂ ਕੌਮੀ ਮਾਰਗ ਉਤੇ ਰੋੜ੍ਹਿਆ ਜਾ ਰਿਹਾ ਹੈ। ਇਹ ਮਾਰਗ ਸਾਂਗਲੀ ਤੇ ਕੋਹਲਾਪੁਰ ਜ਼ਿਲ੍ਹਿਆਂ ਵਿਚੋਂ ਲੰਘਦਾ ਹੈ। ਸ਼ੈੱਟੀ ਨੇ ਕਿਹਾ ਕਿ ਉਹ ਖ਼ਰੀਦ ਮੁੱਲ ਵਿਚ 5 ਰੁਪਏ ਪ੍ਰਤੀ ਲਿਟਰ ਵਾਧੇ ਦੀ ਮੰਗ ਕਰ ਰਹੇ ਹਨ। ਮੁਨਾਫ਼ਾ ਵੀ ਉਹ ਸਿੱਧਾ ਦੁੱਧ ਉਤਪਾਦਕਾਂ ਦੇ ਖ਼ਾਤਿਆਂ ਵਿਚ ਪਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 30 ਰੁਪਏ ਐਕਸਪੋਰਟ ਸਬਸਿਡੀ ਵੀ ਮੰਗੀ ਜਾ ਰਹੀ ਹੈ। ਇਸ ਤੋਂ ਇਲਾਵਾ ਦੁੱਧ ਤੋਂ ਬਣੇ ਪਦਾਰਥਾਂ ’ਤੇ ਜੀਐੱਸਟੀ ਹਟਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਸ਼ੈੱਟੀ ਨੇ 10 ਹਜ਼ਾਰ ਟਨ ਦੁੱਧ ਪਾਊਡਰ ਕੇਂਦਰ ਵੱਲੋਂ ਦਰਾਮਦ ਕਰਨ ਦਾ ਫ਼ੈਸਲਾ ਵੀ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ‘ਰਾਜ ਵਿਚ ਦੁੱਧ ਦਾ ਕਾਰੋਬਾਰ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਪ੍ਰਭਾਵਿਤ ਹੋ ਰਿਹਾ ਹੈ।’ ਸੋਲਾਪੁਰ ਜ਼ਿਲ੍ਹੇ ਵਿਚ ਕਈ ਪ੍ਰਦਰਸ਼ਨਕਾਰੀਆਂ ਨੇ ਦੁੱਧ ਗਊਆਂ ਉਤੇ ਪਾ ਦਿੱਤਾ। ਅਹਿਮਦਨਗਰ ਵਿਚ ਡੇਅਰੀ ਪਾਲਕਾਂ ਤੇ ਹੋਰ ਸੰਗਠਨਾਂ ਦੇ ਮੈਂਬਰਾਂ ਨੇ ‘ਦੁੱਧ ਉਤਪਾਦਕ-ਸ਼ੇਤਕਰੀ ਸੰਘਰਸ਼ ਸਮਿਤੀ’ ਦੇ ਬੈਨਰ ਹੇਠ ਰੋਸ ਮੁਜ਼ਾਹਰੇ ਕੀਤੇ। ਸਮਿਤੀ ਦੇ ਕਨਵੀਨਰ ਡਾ. ਅਜੀਤ ਨਾਵਲੇ ਨੇ ਮੰਗ ਕੀਤੀ ਕਿ 30 ਰੁਪਏ ਪ੍ਰਤੀ ਲਿਟਰ ਖ਼ਰੀਦ ਮੁੱਲ ਤੈਅ ਕੀਤਾ ਜਾਵੇ। ਦਸ ਰੁਪਏ ਪ੍ਰਤੀ ਲਿਟਰ ਸਬਸਿਡੀ ਸੂਬਾ ਸਰਕਾਰ ਸਿੱਧਾ ਉਤਪਾਦਕਾਂ ਦੇ ਖ਼ਾਤਿਆਂ ਵਿਚ ਵੀ ਜਮ੍ਹਾਂ ਕਰਵਾਏ। ਉਨ੍ਹਾਂ ਕਿਹਾ ਕਿ ਜੇ ਸੂਬਾ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਦੁੱਧ ਸੱਤਾਧਾਰੀ ਗੱਠਜੋੜ ਦੇ ਆਗੂਆਂ ਦੇ ਘਰਾਂ ਅੱਗੇ ਰੋੜ੍ਹਿਆ ਜਾਵੇਗਾ। ਭਾਜਪਾ ਆਗੂਆਂ ਨੇ ਪੁਣੇ ਵਿਚ ਇਸ ਮਾਮਲੇ ਬਾਰੇ ਕੁਲੈਕਟਰ ਨੂੰ ਮੰਗ ਪੱਤਰ ਵੀ ਸੌਂਪਿਆ ਹੈ ਤੇ ਪਹਿਲੀ ਅਗਸਤ ਤੋਂ ਸੰਘਰਸ਼ ਦਾ ਐਲਾਨ ਕੀਤਾ ਹੈ। -ਪੀਟੀਆਈ