ਪੁਣੇ, 23 ਸਤੰਬਰ
ਇਥੇ ਜ਼ਿਲ੍ਹਾ ਕੁਲੈਕਟੋਰੇਟ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਦੇ ਪਾਪੁਲਰ ਫਰੰਟ ਆਫ਼ ਇੰਡੀਆ ਦੇ 35 ਤੋਂ ਵੱਧ ਮੈਂਬਰਾਂ ਨੂੰ ਪੁਲੀਸ ਨੇ ਅੱਜ ਹਿਰਾਸਤ ਵਿੱਚ ਲੈ ਲਿਆ। ਪੀਐੱਫਆਈ ਮੈਂਬਰ ਕੌਮੀ ਜਾਂਚ ਏਜੰਸੀ ਵੱਲੋਂ ਲੰਘੇ ਦਿਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਉਨ੍ਹਾਂ ਦੇ ਸਾਥੀ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਮਾਰੇ ਛਾਪਿਆਂ ਦਾ ਵਿਰੋਧ ਕਰ ਰਹੇ ਸਨ। ਸੀਨੀਅਰ ਇੰਸਪੈਕਟਰ ਪ੍ਰਤਾਪ ਮਨਕੜ ਨੇ ਕਿਹਾ ਕਿ ਪੀਐੱਫਆਈ ਦੇ 35 ਤੋਂ 40 ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਹੈ, ਕਿਉਂਕਿ ਉਨ੍ਹਾਂ ਕੋਲ ਰੋਸ ਮੁਜ਼ਾਹਰਿਆਂ ਲਈ ਲੋੜੀਂਦੀ ਪ੍ਰਵਾਨਗੀ ਨਹੀਂ ਸੀ। ਐੱਨਆਈਏ, ਈਡੀ ਤੇ ਕੁਝ ਹੋਰਨਾਂ ਸੰਘੀ ਏਜੰਸੀਆਂ ਨੇ ਲੰਘੇ ਦਿਨ ਦੇਸ਼ ਭਰ ਵਿੱਚ 93 ਥਾਵਾਂ ’ਤੇ ਇਕੋ ਵੇਲੇ ਮਾਰੇ ਛਾਪਿਆਂ ਦੌਰਾਨ ਪੀਐੱਫਆਈ ਦੇ 106 ਆਗੂਆਂ ਤੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਛਾਪੇ ਕੇਰਲਾ, ਤਾਮਿਲ ਨਾਡੂ, ਕਰਨਾਟਕ, ਆਂਧਰ ਪ੍ਰਦੇਸ਼, ਤਿਲੰਗਾਨਾ, ਯੂਪੀ, ਰਾਜਸਥਾਨ, ਦਿੱਲੀ, ਅਸਾਮ, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੋਆ, ਪੱਛਮੀ ਬੰਗਾਲ, ਬਿਹਾਰ ਤੇ ਮਨੀਪੁਰ ਵਿੱਚ ਮਾਰੇ ਗਏ ਸਨ।
ਹਾਈ ਕੋਰਟ ਨੇ ਪੀਐੱਫਆਈ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਦਾ ਨੋਟਿਸ ਲਿਆ
ਕੋਚੀ: ਕੇਰਲਾ ਹਾਈ ਕੋਰਟ ਨੇ ਕੱਟੜਵਾਦੀ ਇਸਲਾਮਿਕ ਜਥੇਬੰਦੀ ਪਾਪੁਲਰ ਫਰੰਟ ਆਫ਼ ਇੰਡੀਆ ਤੇ ਇਸ ਦੇ ਸੂਬਾਈ ਜਨਰਲ ਸਕੱਤਰ ਵੱਲੋਂ ਅੱਜ ਦੱਖਣੀ ਰਾਜਾਂ ਵਿੱਚ ਦਿੱਤੇ ਹੜਤਾਲ ਦੇ ਸੱਦੇ ਦਾ ਆਪੂ ਨੋਟਿਸ ਲੈਂਦਿਆਂ ‘ਹੜਤਾਲ’ ਨੂੰ ਇਸ ਕੋਰਟ ਵੱਲੋਂ ਪਹਿਲਾਂ ਦਿੱਤੀਆਂ ਹਦਾਇਤਾਂ ਦੇ ਹਵਾਲੇ ਨਾਲ ਅਦਾਲਤੀ ਹੱਤਕ ਕਰਾਰ ਦਿੱਤਾ ਹੈ। ਜਸਟਿਸ ਏ.ਕੇ.ਜੇ.ਨਾਂਬਿਆਰ ਦੇ ਬੈਂਚ ਨੇ ਪੁਲੀਸ ਨੂੰ ਹਦਾਇਤ ਕੀਤੀ ਕਿ ਉਹ ਹੜਤਾਲ ਦੀ ਹਮਾਇਤ ਨਾ ਕਰਨ ਵਾਲਿਆਂ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਏ। -ਪੀਟੀਆਈ