ਠਾਣੇ, 3 ਅਕਤੂਬਰ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਟਿਟਵਾਲਾ ਰੇਲਵੇ ਸਟੇਸ਼ਨ ’ਤੇ ਇਕ ਯਾਤਰੀ ਦੇ ਬੈਗ ਵਿੱਚੋਂ 56 ਲੱਖ ਰੁਪਏ ਨਕਦ ਅਤੇ ਦੋ ਸੋਨੇ ਦੇ ਬਿਸਕੁਟ ਬਰਾਮਦ ਹੋਏ ਹਨ। ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਇਕ ਅਧਿਕਾਰੀ ਨੇ ਅੱਜ ਦੱਸਿਆ ਕਿ ਨਕਦੀ ਅਤੇ ਸੋਨੇ ਦੇ ਬਿਸਕੁਟ ਅਗਲੇਰੀ ਜਾਂਚ ਲਈ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੇ ਗਏ ਹਨ। ਆਰਪੀਐੱਫ ਟੀਮ ਨੇ 1 ਅਕਤੂਬਰ ਨੂੰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਸ਼ੱਕੀ ਤੌਰ ’ਤੇ ਘੁੰਮ ਰਹੇ ਗਣੇਸ਼ ਮੰਡਲ ਨੂੰ ਹਿਰਾਸਤ ’ਚ ਲਿਆ ਸੀ। ਅਧਿਕਾਰੀ ਨੇ ਦੱਸਿਆ ਕਿ ਉਸ ਦੇ ਬੈਗ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ 56 ਲੱਖ ਰੁਪਏ ਨਕਦ ਅਤੇ 1,15,16,903 ਰੁਪਏ ਮੁੱਲ ਦੇ ਦੋ ਸੋਨੇ ਦੇ ਬਿਸਕੁਟ ਬਰਾਮਦ ਹੋਏ। ਗਣੇਸ਼ ਮੰਡਲ ਨੇ ਆਰਪੀਐੱਫ ਕੋਲ ਖੁਲਾਸਾ ਕੀਤਾ ਕਿ ਉਹ ਪੁਸ਼ਪਕ ਐਕਸਪ੍ਰੈੱਸ ਵਿੱਚ ਲਖਨਊ ਤੋਂ ਇੱਥੇ ਆਇਆ ਸੀ। ਉਸ ਨੇ ਨਕਦੀ ਅਤੇ ਸੋਨੇ ਦੇ ਬਿਸਕੁਟਾਂ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। -ਪੀਟੀਆਈ