ਮੁੰਬਈ, 30 ਜੂਨ
ਮੁੱਖ ਅੰਸ਼
- ਤਰਜੀਹ ਸੂਬੇ ਦਾ ਵਿਕਾਸ ਹੋਵੇਗਾ: ਸ਼ਿੰਦੇ
ਮਹਾਰਾਸ਼ਟਰ ਦੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਸਿਆਸੀ ਸੰਕਟ ਦਾ ਅੱਜ ਸ਼ਾਮ ਉਸ ਸਮੇਂ ਹੈਰਾਨੀ ਭਰਿਆ ਅੰਤ ਹੋ ਗਿਆ ਜਦੋਂ ਸ਼ਿਵ ਸੈਨਾ ਦੇ ਬਾਗ਼ੀ ਆਗੂ ਏਕਨਾਥ ਸ਼ਿੰਦੇ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲਿਆ ਹੈ। ਮਹਾ ਵਿਕਾਸ ਅਗਾੜੀ ਗੱਠਜੋੜ ਸਰਕਾਰ ਦੇ ਡਿੱਗਣ ਦੇ 24 ਘੰਟਿਆਂ ਦੇ ਅੰਦਰ ਹੈਰਾਨਕੁਨ ਘਟਨਾਕ੍ਰਮ ਵਾਪਰੇ। ਫੜਨਵੀਸ ਨੇ ਸ਼ਾਮ ਨੂੰ ਅਚਾਨਕ ਐਲਾਨ ਕੀਤਾ ਕਿ ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕਾਂ ਦੀ ਅਗਵਾਈ ਕਰਨ ਵਾਲੇ ਸ਼ਿੰਦੇ ਸੂਬੇ ਦੇ ਨਵੇਂ ਮੁੱਖ ਮੰਤਰੀ ਹੋਣਗੇ ਜਦਕਿ ਉਹ ਨਵੀਂ ਸਰਕਾਰ ਦਾ ਹਿੱਸਾ ਨਹੀਂ ਹੋਣਗੇ। ਪਰ ਬਾਅਦ ’ਚ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਦਬਾਅ ਹੇਠ ਫੜਨਵੀਸ ਨੇ ਆਪਣਾ ਸਟੈਂਡ ਬਦਲ ਲਿਆ ਅਤੇ ਉਹ ਉਪ ਮੁੱਖ ਮੰਤਰੀ ਬਣਨ ਲਈ ਤਿਆਰ ਹੋ ਗਏ।
ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਦੋਵੇਂ ਆਗੂਆਂ ਨੂੰ ਰਾਜ ਭਵਨ ’ਚ ਹਲਫ਼ ਦਿਵਾਇਆ। ਚਾਰ ਵਾਰ ਦੇ ਵਿਧਾਇਕ ਸ਼ਿੰਦੇ ਨੇ ਹਲਫ਼ ਲੈਣ ਤੋਂ ਪਹਿਲਾਂ ਮਰਹੂਮ ਸ਼ਿਵ ਸੈਨਾ ਆਗੂਆਂ ਬਾਲ ਠਾਕਰੇ ਅਤੇ ਆਨੰਦ ਦੀਘੇ ਨੂੰ ਸ਼ਰਧਾਂਜਲੀ ਭੇਟ ਕੀਤੀ। ਜਦੋਂ ਸ਼ਿੰਦੇ ਨੇ ਹਲਫ਼ ਲੈ ਲਿਆ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਛੱਤਰਪਤੀ ਸ਼ਿਵਾਜੀ ਮਹਾਰਾਜ, ਠਾਕਰੇ ਅਤੇ ਦੀਘੇ ਦੀ ਜੈ-ਜੈਕਾਰ ਦੇ ਨਾਅਰੇ ਲਗਾਏ। ਹਲਫ਼ਦਾਰੀ ਸਮਾਗਮ ਮਗਰੋਂ ਸ਼ਿੰਦੇ ਨੇ ਕਿਹਾ,‘‘ਮੇਰੀ ਤਰਜੀਹ ਸੂਬੇ ਦਾ ਵਿਕਾਸ ਹੋਵੇਗੀ। ਮੈਂ ਸਮਾਜ ਦੇ ਹਰ ਵਰਗ ਨੂੰ ਆਪਣੇ ਨਾਲ ਲੈ ਕੇ ਚੱਲਾਂਗਾ।’’ ਇਸ ਤੋਂ ਪਹਿਲਾਂ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਸੀ ਕਿ ਫੜਨਵੀਸ, ਸ਼ਿੰਦੇ ਦੀ ਅਗਵਾਈ ਹੇਠਲੀ ਨਵੀਂ ਕੈਬਨਿਟ ਦਾ ਹਿੱਸਾ ਹੋਣਗੇ ਜਦਕਿ ਫੜਨਵੀਸ ਨੇ ਐਲਾਨ ਕੀਤਾ ਸੀ ਕਿ ਉਹ ਸਰਕਾਰ ਦਾ ਹਿੱਸਾ ਨਹੀਂ ਹੋਣਗੇ।
ਹਲਫ਼ਦਾਰੀ ਸਮਾਗਮ ’ਚ ਨਵੇਂ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਉਂਜ ਉਨ੍ਹਾਂ ਦਾ ਪੁੱਤਰ ਸ੍ਰੀਕਾਂਤ ਸ਼ਿੰਦੇ, ਜੋ ਕਲਿਆਣ ਤੋਂ ਲੋਕ ਸਭਾ ਮੈਂਬਰ ਹੈ, ਗੋਆ ’ਚ ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕਾਂ ਨਾਲ ਮੌਜੂਦ ਸੀ। ਬਾਅਦ ’ਚ ਸ਼ਿੰਦੇ ਨੇ ਕੈਬਨਿਟ ਦੀ ਮੀਿਟੰਗ ਕੀਤੀ ਅਤੇ ਫੈਸਲਾ ਲਿਆ ਕਿ 2 ਤੇ 3 ਜੁਲਾਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇਗਾ। ਇਜਲਾਸ ਦੌਰਾਨ ਭਰੋਸੇ ਦਾ ਵੋਟ ਵੀ ਹਾਸਲ ਕੀਤਾ ਜਾ ਸਕਦਾ ਹੈ। ਇਕ ਹਮਾਇਤੀ ਨੇ ਕਿਹਾ,‘‘ਸ਼ਿੰਦੇ ਨੇ ਹਮੇਸ਼ਾ ਆਪਣੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਦਾ ਧਿਆਨ ਰੱਖਿਆ ਹੈ। ਪਹਿਲੀ ਵਾਰ ਠਾਣੇ ਜ਼ਿਲ੍ਹੇ ਦਾ ਕੋਈ ਵਿਧਾਇਕ ਮੁੱਖ ਮੰਤਰੀ ਬਣਿਆ ਹੈ।’’ -ਪੀਟੀਆਈ
ਫੜਨਵੀਸ ਉਪ ਮੁੱਖ ਮੰਤਰੀ ਬਣ ਕੇ ਖੁਸ਼ ਨਹੀਂ: ਸ਼ਰਦ ਪਵਾਰ
ਪੁਣੇ: ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਆਗੂ ਦੇਵੇਂਦਰ ਫੜਨਵੀਸ ਮਹਾਰਾਸ਼ਟਰ ਵਿੱਚ ਏਕਨਾਥ ਸ਼ਿੰਦੇ ਦੀ ਅਗਵਾਈ ਹੇਠ ਬਣੀ ਨਵੀਂ ਸਰਕਾਰ ਵਿੱਚ ਉਪ ਮੁੱਖ ਮੰਤਰੀ ਬਣ ਕੇ ਖੁਸ਼ ਨਹੀਂ ਹਨ ਤੇ ਉਹ ਆਪਣੀ ਪਾਰਟੀ ਹਾਈ ਕਮਾਨ ਦੇ ਹੁਕਮਾਂ ਦੀ ਹੀ ਤਾਮੀਲ ਕਰ ਰਹੇ ਹਨ। ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼ਰਦ ਪਵਾਰ ਨੇ ਕਿਹਾ, ‘ਮੈਨੂੰ ਲੱਗਦਾ ਹੈ ਫੜਨਵੀਸ ਨੇ ਸ਼ਿੰਦੇ ਸਰਕਾਰ ਵਿੱਚ ਦੂਜੇ ਨੰਬਰ ਦਾ ਅਹੁਦਾ ਖੁਸ਼ੀ-ਖੁਸ਼ੀ ਸਵੀਕਾਰ ਨਹੀਂ ਕੀਤਾ ਹੈ। ਫੜਨਵੀਸ ਦਾ ਚਿਹਰਾ ਸਾਰੀ ਕਹਾਣੀ ਬਿਆਨਦਾ ਸੀ।’ ਉਨ੍ਹਾਂ ਕਿਹਾ ਕਿ ਫੜਨਵੀਸ ਨਾਗਪੁਰ ਨਾਲ ਸਬੰਧਤ ਹੈ ਤੇ ਉਹ ਆਰਐੱਸਐੱਸ ਕਾਰਕੁਨ ਵੀ ਰਹਿ ਚੁੱਕਾ ਹੈ ਤੇ ਜਦੋਂ ਵੀ ਹਾਈ ਕਮਾਨ ਤੋਂ ਹੁਕਮ ਆਉਂਦਾ ਹੈ ਤਾਂ ਉਸ ਨੂੰ ਮੰਨਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੰਸਕਾਰਾਂ ਕਾਰਨ ਹੀ ਫੜਨਵੀਸ ਨੇ ਮਹਾਰਾਸ਼ਟਰ ਸਰਕਾਰ ਵਿੱਚ ‘ਜੂਨੀਅਰ’ ਪੁਜ਼ੀਸ਼ਨ ਸਵੀਕਾਰ ਕੀਤੀ ਹੈ। -ਪੀਟੀਆਈ
ਹਨੂੰਮਾਨ ਚਾਲੀਸਾ ਦੇ ਅਸਰ ਕਾਰਨ ਮਹਾ ਵਿਕਾਸ ਅਗਾੜੀ ਸਰਕਾਰ ਡਿੱਗੀ: ਭਾਜਪਾ ਮੰਤਰੀ
ਭੋਪਾਲ: ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਹੈ ਕਿ ਹਨੂੰਮਾਨ ਚਾਲੀਸਾ ਦੇ ਅਸਰ ਕਾਰਨ ਮਹਾਰਾਸ਼ਟਰ ’ਚ ਮਹਾ ਵਿਕਾਸ ਅਗਾੜੀ ਸਰਕਾਰ ਡਿੱਗੀ ਹੈ। ਲੋਕ ਸਭਾ ਮੈਂਬਰ ਨਵਨੀਤ ਰਾਣਾ ਅਤੇ ਉਸ ਦੇ ਵਿਧਾਇਕ ਪਤੀ ਰਵੀ ਰਾਣਾ ਵੱਲੋਂ ਮੁੱਖ ਮੰਤਰੀ ਊਧਵ ਠਾਕਰੇ ਦੀ ਰਿਹਾਇਸ਼ ਦੇ ਬਾਹਰ ਹਨੂੰਮਾਨ ਚਾਲੀਸਾ ਦੇ ਪਾਠ ਕਰਨ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਸੀ। ਮਿਸ਼ਰਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਦੇਸ਼ ’ਚ ਹਿੰਦੂਤਵ ਦੇ ਮੁੱਦੇ ’ਤੇ ਕੋਈ ਸਰਕਾਰ ਡਿੱਗੀ ਹੈ। -ਪੀਟੀਆਈ
ਮੋਦੀ, ਪਵਾਰ ਤੇ ਊਧਵ ਨੇ ਸ਼ਿੰਦੇ ਨੂੰ ਵਧਾਈ ਦਿੱਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਕਨਾਥ ਸ਼ਿੰਦੇ ਅਤੇ ਦੇਵੇਂਦਰ ਫੜਨਵੀਸ ਨੂੰ ਕ੍ਰਮਵਾਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਬਣਨ ਦੀ ਵਧਾਈ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਅਤੇ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਵੀ ਸ਼ਿੰਦੇ ਅਤੇ ਫੜਨਵੀਸ ਨੂੰ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਆਸ ਜਤਾਈ ਕਿ ਸ਼ਿੰਦੇ ਮਹਾਰਾਸ਼ਟਰ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾਣਗੇ। ਹਲਫ਼ਦਾਰੀ ਸਮਾਗਮ ਦੇ ਤੁਰੰਤ ਮਗਰੋਂ ਸ੍ਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਸ੍ਰੀ ਸ਼ਿੰਦੇ ਜ਼ਮੀਨੀ ਪੱਧਰ ਦੇ ਆਗੂ ਹਨ ਅਤੇ ਉਨ੍ਹਾਂ ਕੋਲ ਵੱਡਾ ਸਿਆਸੀ ਅਤੇ ਪ੍ਰਸ਼ਾਸਕੀ ਤਜਰਬਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਉਹ ਮਹਾਰਾਸ਼ਟਰ ਨੂੰ ਨਵੀਆਂ ਉਚਾਈਆਂ ’ਤੇ ਲਿਜਾਣਗੇ।
ਬਾਗ਼ੀ ਆਪਣੇ ਫ਼ੈਸਲੇ ’ਤੇ ‘ਅਫ਼ਸੋਸ’ ਜਤਾਉਣਗੇ: ਸੰਜੈ ਰਾਊਤ
ਮੁੰਬਈ: ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਕਿਹਾ ਹੈ ਕਿ ਬਾਗ਼ੀ ਵਿਧਾਇਕਾਂ ਨੇ ਆਪਣਾ ਰਾਹ ਚੁਣ ਲਿਆ ਹੈ ਅਤੇ ਪਾਰਟੀ ਵੱਲੋਂ ਉਨ੍ਹਾਂ ਦੇ ਭਾਜਪਾ ਨਾਲ ਰਲਣ ਦੇ ਰਾਹ ’ਚ ਰੋੜੇ ਨਹੀਂ ਅਟਕਾਏ ਜਾਣਗੇ। ਉਨ੍ਹਾਂ ਕਿਹਾ ਕਿ ਨਾਰਾਜ਼ ਆਗੂਆਂ ਨੂੰ ਸ਼ਿਵ ਸੈਨਾ ਨਾਲੋਂ ਨਾਤਾ ਤੋੜਨ ਦੇ ਫ਼ੈਸਲੇ ’ਤੇ ‘ਅਫ਼ਸੋਸ’ ਹੋਵੇਗਾ। ਉਨ੍ਹਾਂ ਸਫ਼ੈਦ ਕੁੜਤਾ ਪਜਾਮਾ ਪਹਿਨੇ ਵਿਅਕਤੀ ਦੀ ਤਸਵੀਰ ਟਵੀਟ ਕੀਤੀ ਹੈ, ਜੋ ਊਧਵ ਠਾਕਰੇ ਵਾਂਗ ਲਗਦੀ ਹੈ, ਜਿਸ ਦੀ ਪਿੱਠ ’ਚ ਲੱਗੇ ਜ਼ਖ਼ਮ ’ਚੋਂ ਖੂਨ ਵਹਿ ਰਿਹਾ ਹੈ। ਰਾਊਤ ਨੇ ਟਵੀਟ ਕੀਤਾ,‘‘ਅਸਲ ’ਚ ਇਹੋ ਕੁਝ ਵਾਪਰਿਆ ਹੈ।’’ ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਨਵੀਂ ਸਰਕਾਰ ’ਚ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਰਾਊਤ ਨੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਜਾਣਗੇ ਕਿਉਂਕਿ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ ’ਚ ਏਜੰਸੀ ਨੇ ਉਨ੍ਹਾਂ ਨੂੰ ਤਲਬ ਕੀਤਾ ਹੈ। ਭਾਜਪਾ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦੇ ਵਿਧਾਇਕਾਂ ’ਤੇ ਦਬਾਅ ਪਾਉਣ ਵਾਲਿਆਂ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਹਨ। -ਪੀਟੀਆਈ
ਮਹਾਰਾਸ਼ਟਰ ’ਚ ‘ਈਡੀ ਸਰਕਾਰ’ ਦਾ ਗਠਨ: ਕਾਂਗਰਸ
ਨਵੀਂ ਦਿੱਲੀ: ਮਹਾਰਾਸ਼ਟਰ ’ਚ ਭਾਜਪਾ ਅਤੇ ਸ਼ਿਵ ਸੈਨਾ ਦੇ ਬਾਗ਼ੀਆਂ ਦੀ ਅਗਵਾਈ ਹੇਠ ਨਵੀਂ ਸਰਕਾਰ ਦੇ ਗਠਨ ਨੂੰ ਕਾਂਗਰਸ ਨੇ ‘ਈਡੀ ਸਰਕਾਰ’ ਗਰਦਾਨਿਆ ਹੈ। ਕਾਂਗਰਸ ਨੇ ‘ਈਡੀ ਸਰਕਾਰ’ ਲਈ ਏਕਨਾਥ ਸ਼ਿੰਦੇ ਅਤੇ ਦੇਵੇਂਦਰ ਫੜਨਵੀਸ ਦੇ ਨਾਮ ਦੇ ਪਹਿਲੇ ਅੱਖਰਾਂ ਦੀ ਵਰਤੋਂ ਕਰਦਿਆਂ ਤਨਜ਼ ਕੱਸਿਆ ਹੈ। ਕਾਂਗਰਸ ਦੇ ਮੀਡੀਆ ਇੰਚਾਰਜ ਪਵਨ ਖੇੜਾ ਨੇ ਟਵੀਟ ਕਰਕੇ ਕਿਹਾ ਕਿ ਮਹਾਰਾਸ਼ਟਰ ’ਚ ਨਵੀਂ ਈਡੀ ਸਰਕਾਰ ਦਾ ਗਠਨ ਹੋਇਆ ਹੈ। ਕਾਂਗਰਸ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਈਡੀ ਤੇ ਸੀਬੀਆਈ ਦੀ ਦੁਰਵਰਤੋਂ ਸਮੇਤ ਹੋਰ ਹੱਥਕੰਡੇ ਵਰਤ ਕੇ ਸੂਬੇ ’ਚ ਮਹਾ ਵਿਕਾਸ ਅਗਾੜੀ ਗੱਠਜੋੜ ਦੀ ਸਰਕਾਰ ਡੇਗੀ ਹੈ।