ਮੁੰਬਈ, 18 ਅਗਸਤ
ਮਹਾਰਾਸ਼ਟਰ ਦੇ ਰਾਏਗੜ੍ਹ ਤਟ ’ਤੇ ਅੱਜ ਇੱਕ ਆਸਟਰੇਲਿਆਈ ਔਰਤ ਦੀ 16 ਮੀਟਰ ਲੰਬੀ ਯਾਟ ’ਚੋਂ ਤਿੰਨ ਏਕੇ-47 ਰਾਈਫਲਾਂ ਬਰਾਮਦ ਹੋਈਆਂ ਹਨ ਪਰ ਅਧਿਕਾਰੀਆਂ ਨੇ ਇਹ ਮਾਮਲਾ ਦਹਿਸ਼ਤਗਰਦੀ ਦੇ ਮਾਮਲੇ ਨਾਲ ਜੋੜ ਕੇ ਦੇਖਣ ਤੋਂ ਇਨਕਾਰ ਕਰ ਦਿੱਤਾ ਹੈ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਜਿਸ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਵਿਧਾਨ ਸਭਾ ਨੂੰ ਦੱਸਿਆ ਕਿ ਇਸ ਯਾਟ ਦੀ ਮਾਲਕ ਇੱਕ ਆਸਟਰੇਲਿਆਈ ਔਰਤ ਹੈ ਅਤੇ ਉਸ ਦਾ ਪਤੀ ਇਸ ਨੂੰ ਚਲਾਉਂਦਾ ਸੀ। ਫੜਨਵੀਸ ਨੇ ਕਿਹਾ, ‘‘ਫਿਲਹਾਲ ਇਸ ਨੂੰ ਦਹਿਸ਼ਤਗਰਦੀ ਦੇ ਮਾਮਲੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਰਿਹਾ ਪਰ ਜਾਂਚ ਚੱਲ ਰਹੀ ਹੈ। ਅਸੀਂ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੇ। ਮੈਂ ਸਿਰਫ ਮੁੱਢਲੀ ਜਾਣਕਾਰੀ ਸਾਂਝੀ ਕਰ ਰਿਹਾ ਹਾਂ।’’ ਉਨ੍ਹਾਂ ਦੱਸਿਆ ਕਿ ਸਥਾਨਕ ਪੁਲੀਸ ਅਤੇ ਅਤਿਵਾਦ ਵਿਰੋਧੀ ਦਸਤਾ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਚਾਰ ਮੀਟਰ ਚੌੜੀ ਇਹ ਯਾਟ ਜੂਨ ਵਿੱਚ ਮਸਕਟ ਤੋਂ ਯੂਰਪ ਜਾ ਰਹੀ ਸੀ। ਖ਼ਰਾਬ ਮੌਸਮ ਕਾਰਨ ਇਹ ਰੁੜ ਗਈ। ਆਸਟਰੇਲਿਆਈ ਜੋੜੇ ਨੇ ਇੰਜਣ ਵਿੱਚ ਖਰਾਬੀ ਤੋਂ ਬਾਅਦ ਇਸ ਨੂੰ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਹਾਲੇ ਇਹ ਪਤਾ ਨਹੀਂ ਲੱਗਿਆ ਕਿ ਉਹ ਹਥਿਆਰ ਕਿਉਂ ਲਿਜਾ ਰਹੇ ਸਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਦੇ ਚਾਲਕ ਦਲ ਨੂੰ ਜੂਨ ਵਿੱਚ ਓਮਾਨ ਤੱਟ ਤੋਂ ਬਚਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਤੋਂ 190 ਕਿਲੋਮੀਟਰ ਤੋਂ ਵੱਧ ਦੂਰੀ ’ਤੇ ਸਥਿਤ ਸ੍ਰੀਵਰਧਨ ਇਲਾਕੇ ਵਿੱਚ ਕੁਝ ਸਥਾਨਕ ਲੋਕਾਂ ਨੇ ਇੱਕ ਕਿਸ਼ਤੀ ਦੇਖੀ, ਜਿਸ ਵਿੱਚ ਚਾਲਕ ਦਲ ਦਾ ਕੋਈ ਮੈਂਬਰ ਮੌਜੂਦ ਨਹੀਂ ਸੀ। ਇਸ ਮਗਰੋਂ ਉਨ੍ਹਾਂ ਸੁਰੱਖਿਆ ਏਜੰਸੀਆਂ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ਮਗਰੋਂ ਸੁਰੱਖਿਆ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਕਿਸ਼ਤੀ ਦੀ ਤਲਾਸ਼ੀ ਲਈ। ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ’ਚੋਂ ਤਿੰਨ ਏਕੇ-47 ਅਤੇ ਕੁੱਝ ਗੋਲੀਆਂ ਮਿਲੀਆਂ ਹਨ। ਅਧਿਕਾਰੀਆਂ ਮੁਤਾਬਕ ਇਸ ਕਿਸ਼ਤੀ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਇਸ ਸਾਲ ਜੂਨ ਵਿੱਚ ਓਮਾਨ ਤੱਟ ਨੇੜਿਓਂ ਬਚਾਇਆ ਗਿਆ ਸੀ ਅਤੇ ਕਿਸ਼ਤੀ ਤੈਰਦੀ ਹੋਈ ਰਾਏਗੜ੍ਹ ਤੱਟ ’ਤੇ ਆ ਗਈ ਹੈ। -ਪੀਟੀਆਈ