ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 25 ਅਗਸਤ
ਮੁੱਖ ਅੰਸ਼
- ਲਘੂਕਥਾ ‘ਦਰੋਪਦੀ’ ਨੂੰ ਹਟਾਉਣ ਲਈ ਨਹੀਂ ਦਿੱਤਾ ਗਿਆ ਕੋਈ ਅਕਾਦਮਿਕ ਤਰਕ
- ਦੋ ਦਲਿਤ ਲੇਖਕਾਂ ਦੀਆਂ ਰਚਨਾਵਾਂ ਵੀ ਸਿਲੇਬਸ ਤੋਂ ਬਾਹਰ ਹੋਈਆਂ
ਦਿੱਲੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਨੇ ਬੀਏ (ਆਨਰਜ਼) ਦੇ ਅੰਗਰੇਜ਼ੀ ਪਾਠਕ੍ਰਮ ਵਿਚੋਂ ਮਹਾਸ਼ਵੇਤਾ ਦੇਵੀ ਦੀ ਲਘੂਕਥਾ ‘ਦਰੋਪਦੀ’ ਨੂੰ ਹਟਾ ਦਿੱਤਾ ਹੈ। ਕੌਂਸਲ ਨੇ ਮੰਗਲਵਾਰ ਨੂੰ ਸਿਲੇਬਸ ਵਿਚ ਬਦਲਾਅ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਇਲਾਵਾ ਦੋ ਦਲਿਤ ਲੇੇਖਕਾਂ ਬਾਮਾ ਤੇ ਸੁਕੀਰਤਰਿਣੀ ਨੂੰ ਵੀ ਪਾਠਕ੍ਰਮ ਵਿਚੋਂ ਹਟਾ ਦਿੱਤਾ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਨੂੰ ਕਰੜੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਦਮਿਕ ਕੌਂਸਲ ਦੀ ਅੱਜ ਹੋਈ ਬੈਠਕ ਵਿਚ 15 ਮੈਂਬਰਾਂ ਨੇ ਇਸ ਫ਼ੈਸਲੇ ਖ਼ਿਲਾਫ਼ ਵਿਰੋਧ ਦਰਜ ਕਰਾਇਆ ਹੈ। ਉਨ੍ਹਾਂ ਨਿਗਰਾਨੀ ਕਮੇਟੀ ਤੇ ਇਸ ਦੀ ਕਾਰਜਪ੍ਰਣਾਲੀ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਮਾ ਤੇ ਸੁਕੀਰਤਰਿਣੀ ਦੀ ਥਾਂ ‘ਉੱਚੀ ਜਾਤ ਦੇ ਲੇਖਕ ਰਾਮਾਬਾਈ’ ਨੂੰ ਪਾਠਕ੍ਰਮ ਵਿਚ ਸ਼ਾਮਲ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ‘ਦਰੋਪਦੀ’ ਕਹਾਣੀ ਇਕ ਆਦਿਵਾਸੀ ਔਰਤ ਬਾਰੇ ਹੈ। ਲਘੂਕਥਾ ਨੂੰ ਹਟਾਉਣ ਵੇਲੇ ਅਕਾਦਮਿਕ ਪੱਧਰ ਉਤੇ ਕੋਈ ਵੀ ਤਰਕ ਨਹੀਂ ਦਿੱਤਾ ਗਿਆ ਹੈ। ਇਹ ਕਹਾਣੀ ’ਵਰਸਿਟੀ ਵਿਚ ਸੰਨ 1999 ਤੋਂ ਪੜ੍ਹਾਈ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਮਹਾਸ਼ਵੇਤਾ ਦੇਵੀ ਨੂੰ ਭਾਰਤ ਸਰਕਾਰ ਸਾਹਿਤ ਅਕਾਦਮੀ ਪੁਰਸਕਾਰ ਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕਰ ਚੁੱਕੀ ਹੈ।