ਪੁਣੇ, 30 ਜੂਨ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਦੇ ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਸਾਲ ਅਕਤੂਬਰ ਵਿੱਚ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਕਾਂਗਰਸ ਅਤੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਊਧਵ ਬਾਲਾਸਾਹੇਬ ਠਾਕਰੇ) ਨਾਲ ਮਿਲ ਕੇ ਲੜੇਗੀ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਵਾਰ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਪ੍ਰਮੁੱਖ ਵਿਰੋਧੀ ਪਾਰਟੀਆਂ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਸੂਬਾਈ ਵਿਧਾਨ ਸਭਾ ਚੋਣਾਂ ਵਿੱਚ ਛੋਟੇ ਸਹਿਯੋਗੀਆਂ, ਜੋ 2024 ਲੋਕ ਸਭਾ ਚੋਣਾਂ ਵਿੱਚ ਗੱਠਜੋੜ ਦਾ ਹਿੱਸਾ ਸਨ, ਦੇ ਹਿੱਤਾਂ ਦੀ ਰੱਖਿਆ ਕਰਨ।
ਐੱਨਸੀਪੀ (ਐੱਸਪੀ), ਕਾਂਗਰਸ ਅਤੇ ਸ਼ਿਵ ਸੈਨਾ (ਯੂਬੀਟੀ) ਵਿਰੋਧੀ ਗੱਠਜੋੜ ਮਹਾਵਿਕਾਸ ਅਗਾੜੀ (ਐੱਮਵੀਏ) ਦਾ ਹਿੱਸਾ ਹਨ। ਇਹ ਗੱਠਜੋੜ ਊਧਵ ਠਾਕਰੇ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਿੱਚ ਨਵੰਬਰ 2019 ਤੋਂ ਜੂਨ 2022 ਤੱਕ ਸੱਤਾ ਵਿੱਚ ਸੀ। ਏਕਨਾਥ ਸ਼ਿੰਦੇ ਵੱਲੋਂ ਬਗ਼ਾਵਤ ਕਰ ਕੇ ਵੱਖਰੀ ਸ਼ਿਵ ਸੈਨਾ ਬਣਾ ਲੈਣ ਮਗਰੋਂ ਇਹ ਸਰਕਾਰ ਡਿੱਗ ਗਈ ਸੀ। ਪਵਾਰ ਨੇ ਕਿਹਾ ਕਿ ਮਹਾਵਿਕਾਸ ਅਗਾੜੀ ਵੱਲੋਂ ਮਹਾਰਾਸ਼ਟਰ ਦੇ ਲੋਕਾਂ ਸਾਹਮਣੇ ਸਾਂਝਾ ਚਿਹਰਾ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਦਲਾਅ ਦੀ ਲੋੜ ਹੈ ਅਤੇ ਇਸ ਨੂੰ ਨਿਭਾਉਣਾ ਵਿਰੋਧੀ ਗੱਠਜੋੜ ਦੀ ਨੈਤਿਕ ਜ਼ਿੰਮੇਵਾਰੀ ਹੈ। ਪਵਾਰ ਨੇ ‘ਮਹਾਭਾਰਤ’ ਦੇ ਅਰਜੁਨ ਦੀ ਮਿਸਾਲ ਦਿੰਦਿਆਂ ਕਿਹਾ, ‘‘ਜਿਵੇਂ ਅਰਜੁਨ ਦਾ ਨਿਸ਼ਾਨਾ (ਮੱਛੀ ਦੀ) ਅੱਖ ਸੀ। ਸਾਡੀਆਂ ਨਜ਼ਰਾਂ ਵੀ ਮਹਾਰਾਸ਼ਟਰ ਦੀਆਂ ਚੋਣਾਂ ’ਤੇ ਟਿਕੀਆਂ ਹੋਈਆਂ ਹਨ। ਕਾਂਗਰਸ, ਐੱਨਸੀਪੀ (ਐੱਸਪੀ) ਅਤੇ ਊਧਵ ਠਾਕਰੇ ਦੀ ਸੈਨਾ (ਯੂਬੀਟੀ) ਵੱਲੋਂ ਮਿਲ ਕੇ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ।’’ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸੀਟਾਂ ਦੀ ਵੰਡ ਸਬੰਧੀ ਗੱਲਬਾਤ ਹਾਲੇ ਸ਼ੁਰੂ ਨਹੀਂ ਹੋਈ, ਪਰ ਜਲਦੀ ਹੀ ਇਸ ’ਤੇ ਚਰਚਾ ਕਰਾਂਗੇ। -ਪੀਟੀਆਈ