ਨਾਗਪੁਰ, 7 ਨਵੰਬਰ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਦੇ ਮੁਖੀ ਸ਼ਰਦ ਪਵਾਰ ਨੇ ਅੱਜ ਮਹਾਰਾਸ਼ਟਰ ਵਿਚਲੀ ਮਹਾਯੁਤੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ, ਔਰਤਾਂ ਦੀ ਰਾਖੀ ਕਰਨ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਰਕਾਰ ਨੂੰ ਭਵਿੱਖ ’ਚ ਸੱਤਾ ਵਿੱਚ ਨਾ ਰਹਿਣ ਦਿੱਤਾ ਜਾਵੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਨਿਸ਼ਾਨਾ ਸੇਧਿਆ ਅਤੇ ਇਕ ਖ਼ਾਸ ਸੂਬੇ ਦੇ ਹਿੱਤ ਵਿੱਚ ਕੰਮ ਕਰਨ ਦਾ ਦੋਸ਼ ਲਾਇਆ। ਸ੍ਰੀ ਪਵਾਰ ਇੱਥੇ ਐੱਨਸੀਪੀ (ਐੱਸਪੀ) ਦੇ ਨਾਗਪੁਰ ਪੂਰਬੀ ਤੋਂ ਉਮੀਦਵਾਰ ਦੁਨੇਸ਼ਵਰ ਪੇਥੇ ਦੇ ਹੱਕ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਅੱਜ ਜਿਹੜੇ ਆਗੂ ਸੱਤਾ ਵਿੱਚ ਬੈਠੇ ਹਨ ਉਹ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਹੱਲ ਕਰਨ ’ਚ ਅਸਫ਼ਲ ਰਹੇ ਹਨ ਅਤੇ ਵਿਦਰਭਾ ਤੋਂ ਖ਼ੁਦਕੁਸ਼ੀ ਕਰਨ ਵਾਲੇ ਆਗੂਆਂ ਦੀ ਗਿਣਤੀ ਕਾਫੀ ਵੱਧ ਹੈ।’’ -ਪੀਟੀਆਈ
ਮਹਿਲਾਵਾਂ ਨੂੰ 3,000 ਰੁਪਏ ਮਹੀਨਾ ਦੇਣ ਦਾ ਭਰੋਸਾ ਧੋਖਾ ਕਰਾਰ
ਪੁਣੇ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਅੱਜ ਦਾਅਵਾ ਕੀਤਾ ਕਿ ਮਹਾ ਵਿਕਾਸ ਅਘਾੜੀ (ਐੱਮਵੀਏ) 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੱਤਾ ਵਿੱਚ ਆਉਣ ’ਤੇ ਸੂਬੇ ਦੀਆਂ ਮਹਿਲਾਵਾਂ ਨੂੰ 3000 ਰੁਪਏ ਮਹੀਨਾ ਦੇਣ ਦਾ ਵਾਅਦਾ ਕਰ ਕੇ ਧੋਖਾ ਦੇ ਰਿਹਾ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਨਸੀਪੀ ਆਗੂ ਨੇ ਕਿਹਾ ਕਿ ਜਦੋਂ ਮਹਾਯੁਤੀ ਸਰਕਾਰ ਨੇ ਲਾੜਕੀ ਬਹਿਨ ਯੋਜਨਾ ਤਹਿਤ ਮਹਿਲਾਵਾਂ ਨੂੰ 1500 ਰੁਪਏ ਮਹੀਨਾ ਦੇਣ ਦੀ ਪੇਸ਼ਕਸ਼ ਕੀਤੀ ਸੀ ਤਾਂ ਵਿਰੋਧੀ ਗੱਠਜੋੜ ਨੇ ਇਸ ਦੀ ਵਿਹਾਰਕਤਾ ’ਤੇ ਸਵਾਲ ਉਠਾਏ ਸਨ।