ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਵੱਲੋਂ ਪਾਰਟੀ ਲੀਡਰਸ਼ਿਪ ’ਤੇ ਕੀਤੇ ਗਏ ਤਿੱਖੇ ਹਮਲੇ ਮਗਰੋਂ ਜਨਰਲ ਸਕੱਤਰ ਅਜੈ ਮਾਕਨ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਇਹ ਸੋਨੀਆ ਗਾਂਧੀ ਹੀ ਸੀ ਜਿਸ ਨੇ ਸਿੱਬਲ ਨੂੰ ਕੇਂਦਰੀ ਮੰਤਰੀ ਬਣਾਇਆ ਸੀ। ਮਾਕਨ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਪਾਰਟੀ ’ਚ ਹਰ ਕਿਸੇ ਨੂੰ ਸੁਣ ਰਹੀ ਹੈ ਅਤੇ ਸਲਾਹ ਦਿੱਤੀ ਕਿ ਉਹ ਉਸ ਜਥੇਬੰਦੀ ਦਾ ਅਪਮਾਨ ਨਾ ਕਰਨ, ਜਿਸ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ। ਉਧਰ ਪਾਰਟੀ ਵਰਕਰਾਂ ਨੇ ਇਥੇ ਸਿੱਬਲ ਦੇ ਘਰ ਬਾਹਰ ਪ੍ਰਦਰਸ਼ਨ ਕੀਤਾ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਰਾਂ ਨੇ ਹੱਥਾਂ ’ਚ ‘ਗੈੱਟ ਵੈੱਲ ਸੂਨ’ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਉਹ ਨਾਅਰੇਬਾਜ਼ੀ ਕਰ ਰਹੇ ਸਨ। ਵਰਕਰਾਂ ਨੇ ਕਿਹਾ ਕਿ ਸਿੱਬਲ ਦੇ ਬਿਆਨਾਂ ਨੇ ਉਨ੍ਹਾਂ ਨੂੰ ਠੇਸ ਪਹੁੰਚਾਈ ਹੈ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਕ ਅਹੁਦੇਦਾਰ ਨੇ ਕਿਹਾ ਕਿ ਵਰਕਰ ਆਪਣੇ ਆਪ ਹੀ ਸਿੱਬਲ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਪੁੱਜੇ ਸਨ ਅਤੇ ਉਨ੍ਹਾਂ ਬਿਆਨਾਂ ਖ਼ਿਲਾਫ਼ ਆਪਣੀ ਨਾਰਾਜ਼ਗੀ ਜਤਾਈ ਹੈ। ਯੂਥ ਕਾਂਗਰਸ ਦੇ ਮੁਖੀ ਸ੍ਰੀਨਿਵਾਸ ਬੀ ਵੀ ਨੇ ਕਿਹਾ,‘‘ਸੁਣੋ ਜੀ-ਹਜ਼ੂਰ- ਪਾਰਟੀ ਦਾ ਪ੍ਰਧਾਨ ਅਤੇ ਲੀਡਰਸ਼ਿਪ ਇਕੋ ਹੀ ਹੈ ਜਿਸ ਨੇ ਹਮੇਸ਼ਾ ਸੰਸਦ ’ਚ ਤੁਹਾਡੇ ਦਾਖ਼ਲੇ ਨੂੰ ਯਕੀਨੀ ਬਣਾਇਆ ਅਤੇ ਪਾਰਟੀ ਦੇ ਭਲੇ ਵੇਲਿਆਂ ਦੌਰਾਨ ਤੁਹਾਨੂੰ ਮੰਤਰੀ ਬਣਾਇਆ। ਕਾਂਗਰਸ ਦੇ ਮਾੜੇ ਸਮੇਂ ’ਚ ਤੁਹਾਨੂੰ ਰਾਜ ਸਭਾ ਪਹੁੰਚਾਇਆ। ਹੁਣ ਜਦੋਂ ਸੰਘਰਸ਼ ਦੀ ਵਾਰੀ ਆਈ ਤਾਂ ਤੁਸੀਂ ਦਗਾ ਕਮਾ ਰਹੇ ਹੋ।’’ ਛੱਤੀਸਗੜ੍ਹ ਦੇ ਮੰਤਰੀ ਟੀ ਐੱਸ ਸਿੰਘਦਿਉ ਨੇ ਵੀ ਸਿੱਬਲ ਨੂੰ ਘੇਰਿਆ ਹੈ। -ਪੀਟੀਆਈ/ਆਈਏਐਨਐਸ