ਨਵੀਂ ਦਿੱਲੀ, 4 ਦਸੰਬਰ
ਭਗੌੜੇ ਕਾਰੋਬਾਰੀ ਵਿਜੈ ਮਾਲਿਆ ਦੀ ਫਰਾਂਸ ’ਚ 14 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਗਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਸਿਆ ਕਿ ਉਨ੍ਹਾਂ ਦੀ ਬੇਨਤੀ ’ਤੇ ਫਰਾਂਸੀਸੀ ਅਧਿਕਾਰੀਆਂ ਨੇ ਕਾਰਵਾਈ ਕੀਤੀ ਅਤੇ ਇਹ ਪ੍ਰਾਪਰਟੀ ਫਰਾਂਸ ’ਚ 32 ਐਵੇਨਿਊ ਐੱਫਓਸੀਐੱਚ ’ਚ ਸਥਿਤ ਹੈ। ਜਾਂਚ ਏਜੰਸੀ ਨੇ ਬਿਆਨ ’ਚ ਦੱਸਿਆ ਕਿ ਜ਼ਬਤ ਕੀਤੀ ਗਈ ਸੰਪਤੀ ਦੀ ਕੀਮਤ 16 ਲੱਖ ਯੂਰੋ ਹੈ ਜੋ ਕਰੀਬ 14 ਕਰੋੜ ਰੁਪਏ ਬਣਦੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਸੰਪਤੀ ਬਣਾਉਣ ਲਈ ਕਿੰਗਫਿਸ਼ਰ ਏਅਰਲਾਈਨਜ਼ ਲਿਮਿਟਡ ਦੇ ਬੈਂਕ ਖ਼ਾਤੇ ’ਚੋਂ ਵਿਦੇਸ਼ ’ਚ ਵੱਡੀ ਰਕਮ ਜਮ੍ਹਾਂ ਕਰਵਾਈ ਗਈ ਸੀ। ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਦਾਰ ਮਾਲਿਆ 2016 ਤੋਂ ਹੀ ਬਰਤਾਨੀਆ ’ਚ ਹੈ ਅਤੇ ਉਸ ਨੂੰ ਭਾਰਤ ਹਵਾਲੇ ਕਰਨ ਲਈ ਕੇਸ ਚੱਲ ਰਿਹਾ ਹੈ।
-ਪੀਟੀਆਈ