ਕੋਲਕਾਤਾ, 7 ਅਕਤੂਬਰ
ਪੱੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵਿਧਾਨ ਸਭਾ ਮੈਂਬਰ ਵਜੋਂ ਅੱਜ ਰਾਜਪਾਲ ਜਗਦੀਪ ਧਨਖੜ ਵੱਲੋਂ ਸਹੁੰ ਚੁਕਾਈ ਗਈ ਹੈ। ਤ੍ਰਿਣਮੂਲ ਕਾਂਗਰਸ ਦੀ ਮੁਖੀ ਬੈਨਰਜੀ, ਜਿਨ੍ਹਾਂ ਨੇ ਭਵਾਨੀਪੁਰ ਜ਼ਿਮਨੀ ਚੋਣ ਵਿੱਚ ਰਿਕਾਰਡ 58,835 ਵੋਟਾਂ ਦੇ ਫਰਕ ਸੀਟ ਜਿੱਤੀ ਸੀ, ਨੇ ਬੰਗਾਲੀ ਭਾਸ਼ਾ ਵਿੱਚ ਸਹੁੰ ਚੁੱਕੀ।
ਮੁੱਖ ਮੰਤਰੀ ਬਣੇ ਰਹਿਣ ਲਈ ਉਨ੍ਹਾਂ ਵਾਸਤੇ ਚੋਣ ਜਿੱਤਣੀ ਜ਼ਰੁੂਰੀ ਸੀ, ਕਿਉਂਕਿ ਮਾਰਚ-ਅਪਰੈਲ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਭਾਜਪਾ ਉਮੀਦਵਾਰ ਸੁਵੇਂਦੂ ਅਧਿਕਾਰੀ ਤੋਂ ਹਾਰ ਗਏ ਸਨ। ਤ੍ਰਿਣਮੂਲ ਕਾਂਗਰਸ ਦੇ ਦੋ ਹੋਰ ਵਿਧਾਇਕਾਂ ਜ਼ਾਕਿਰ ਹੁਸੈਨ ਅਤੇ ਅਮੀਰੁਲ ਇਸਲਾਮ ਨੇ ਵੀ ਉਨ੍ਹਾਂ ਤੋਂ ਬਾਅਦ ਸਹੁੰ ਚੁੱਕੀ ਹੈ। ਜ਼ਾਕਿਰ ਹੁਸੈਨ ਜਾਂਗੀਪੁਰ ਹਲਕੇ ਤੋਂ 92,480 ਜਦਕਿ ਅਮੀਰੁਲ ਇਸਲਾਮ ਸਮਸ਼ੇਰਗੰਜ ਹਲਕੇ ਤੋਂ 26,379 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸਨ। -ਪੀਟੀਆਈ
ਭਾਜਪਾ ਨੇਤਾ ਸਾਬਿਆਸਾਚੀ ਦੱਤਾ ਦੀ ਤ੍ਰਿਣਮੂਲ ਕਾਂਗਰਸ ’ਚ ਵਾਪਸੀ
ਕੋਲਕਾਤਾ: ਭਾਜਪਾ ਦੇ ਸੂਬਾ ਸਕੱਤਰ ਅਤੇ ਬਿਧਾਨਨਗਰ ਮਿਉਂਸਿਪਲ ਕਾਰਪੋਰੇਸ਼ਨ ਦੇ (ਬੀਐੱਮਸੀ) ਸਾਬਕਾ ਮੇਅਰ ਸਾਬਿਆਸਾਚੀ ਦੱਤਾ ਮੁੜ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਵਿੱਚ ਸ਼ਾਮਲ ਹੋ ਗਏ ਹਨ। ਉਹ ਦੋ ਵਰ੍ਹੇ ਪਹਿਲਾਂ ਟੀਐੱਮਸੀ ਛੱਡ ਕੇ ਭਗਵਾਂ ਕੈਂਪ ਵਿੱਚ ਚਲੇ ਗਏ ਸਨ। ਦੱਤਾ ਵਿਧਾਨ ਸਭਾ ਵਿੱਚ ਟੀਐੱਮਸੀ ਦੇ ਸਕੱਤਰ ਜਨਰਲ ਅਤੇ ਕੈਬਨਿਟ ਮੰਤਰੀ ਪਾਰਥਾ ਚੈਟਰਜੀ ਦੇ ਕਮਰੇ ਵਿੱਚ ਹੋਰ ਨੇਤਾਵਾਂ ਦੀ ਮੌਜੂਦਗੀ ਦੌਰਾਨ ਸੂਬੇ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋਏ। ਚੈਟਰਜੀ ਨੇ ਕਿਹਾ, ‘‘ਅਸੀਂ ਆਪਣੀ ਨੇਤਾ ਮਮਤਾ ਬੈਨਰਜੀ ਦੇ ਵਿਧਾਇਕ ਵਜੋਂ ਸਹੁੰ ਚੁੱਕ ਵਾਲੇ ਦਿਨ ਹੀ ਦੱਤਾ ਨੂੰ ਉਨ੍ਹਾਂ ਦੀ ਬੇਨਤੀ ’ਤੇ ਪਾਰਟੀ ’ਚ ਸ਼ਾਮਲ ਕਰ ਲਿਆ। ਉਨ੍ਹਾਂ (ਮਮਤਾ) ਵੱਲੋਂ ਦੱਤਾ ਨੂੰ ਪਾਰਟੀ ’ਚ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।’’ ਦੱਤਾ ਨੇ ਦਾਅਵਾ ਕੀਤਾ ਕਿ ਉਹ ਗਲਤਫਹਿਮੀਆਂ ਕਾਰਨ ਟੀਐੱਮਸੀ ਛੱਡ ਗਏ ਸਨ, ਪਰ ਉਹ ਹੁਣ ਦੂਰ ਹੋ ਗਈਆਂ ਹਨ। -ਪੀਟੀਆਈ