ਨਵੀਂ ਦਿੱਲੀ, 29 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇੱਥੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਆਲਮੀ ਨਿਵੇਸ਼ਕਾਂ ਨੂੰ ਸੱਦਾ ਦੇਣ ਦੀ ਕੋਸ਼ਿਸ਼ ਤਹਿਤ ਰਾਜ ਦੇ ਬੁਨਿਆਦੀ ਪ੍ਰਾਜੈਕਟਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕੇਂਦਰੀ ਮੰਤਰੀ ਨੂੰ ਕਿਹਾ ਕਿ ਚੰਗਾ ਹੋਵੇਗਾ ਜੇਕਰ ਪੱਛਮੀ ਬੰਗਾਲ ’ਚ ਈ-ਵਾਹਨ ਨਿਰਮਾਣ ਦੀ ਸਨਅਤ ਸਥਾਪਤ ਹੋਵੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੱਛਮੀ ਬੰਗਾਲ ਦੀ ਸਰਹੱਦ ਬੰਗਲਾਦੇਸ਼, ਨੇਪਾਲ, ਭੂਟਾਨ ਤੇ ਪੂਰਬ-ਉੱਤਰੀ ਰਾਜਾਂ ਨਾਲ ਲੱਗਦੀ ਹੈ। ਇਸ ਲਈ ਉੱਥੇ ਚੰਗੀਆਂ ਸੜਕਾਂ ਦੀ ਲੋੜ ਹੈ। ਭਾਜਪਾ ਖ਼ਿਲਾਫ਼ ਇੱਕ ਸਾਂਝਾ ਮੋਰਚਾ ਬਣਾਉਣ ਲਈ ਵਿਰੋਧੀ ਧਿਰਾਂ ਨਾਲ ਗੱਲਬਾਤ ਦੇ ਮਕਸਦ ਨਾਲ ਦਿੱਲੀ ਆਈ ਮਮਤਾ ਬੈਨਰਜੀ ਨੇ ਗਡਕਰੀ ਨਾਲ ਮੁਲਾਕਾਤ ਦੌਰਾਨ ਤਾਜਪੁਰ ’ਚ ਡੂੰਘੀ ਸਮੁੰਦਰੀ ਬੰਦਰਗਾਹ ਸਮੇਤ ਲਟਕਦੇ ਸੜਕੀ ਤੇ ਆਵਾਜਾਈ ਪ੍ਰਾਜੈਕਟਾਂ ਬਾਰੇ ਵੀ ਗੱਲਬਾਤ ਕੀਤੀ। ਕੋਲਕਾਤਾ ਤੋਂ ਤਕਰੀਬਨ 200 ਕਿਲੋਮੀਟਰ ਦੂਰ ਸਥਿਤ ਬੰਦਰਗਾਹ ’ਚ 15 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਣ ਦੀ ਉਮੀਦ ਹੈ ਅਤੇ ਇਸ ਦੇ ਪੂਰਾ ਹੋਣ ਨਾਲ ਰੁਜ਼ਗਾਰ ਦੇ 25 ਹਜ਼ਾਰ ਨਵੇਂ ਮੌਕੇ ਪੈਦਾ ਹੋ ਸਕਦੇ ਹਨ। ਮਮਤਾ ਨੇ ਕਿਹਾ, ‘ਨਿਤਿਨ ਗਡਕਰੀ ਨੇ ਮੈਨੂੰ ਆਪਣਾ ਮੁੱਖ ਸਕੱਤਰ ਭੇਜਣ ਨੂੰ ਕਿਹਾ ਹੈ। ਉਨ੍ਹਾਂਂ ਦੇ ਡਾਇਰੈਕਟਰ ਜਨਰਲ, ਪੀਡਬਲਿਊਡੀ ਮੰਤਰੀ, ਸਕੱਤਰ, ਆਵਾਜਾਈ ਸਕੱਤਰ ਤੇ ਉਹ ਵੀ ਉੱਥੇ ਹੋਣਗੇ। ਮੇਰੇ ਮੁੱਖ ਸਕੱਤਰ ਭਲਕ ਦੀ ਮੀਟਿੰਗ ਲਈ ਦਿੱਲੀ ਆ ਰਹੇ ਹਨ। ਗਡਕਰੀ ਜੀ ਦੀ ਸਹੂਲਤ ਲਈ ਮੈਂ ਆਪਣੇ ਮੁੱਖ ਸਕੱਤਰ ਨੂੰ ਉਨ੍ਹਾਂ ਨਾਲ ਮੁਲਾਕਾਤ ਲਈ ਭੇਜ ਦੇਵਾਂਗੀ।’ ਸੂਤਰਾਂ ਨੇ ਦੱਸਿਆ ਕਿ ਮਮਤਾ ਬੈਨਰਜੀ ਪੈਟਰੋਲੀਅਮ, ਹਵਾਬਾਜ਼ੀ, ਰੇਲਵੇ ਤੇ ਵਣਜ ਜਿਹੇ ਅਹਿਮ ਵਿਭਾਗਾਂ ਦੇ ਮੰਤਰੀਆਂ ਨਾਲ ਵੀ ਜਲਦੀ ਹੀ ਮੁਲਾਕਾਤ ਕਰੇਗੀ। ਇਸ ਤੋਂ ਬਾਅਦ ਉਨ੍ਹਾਂ ਡੀਐੱਮਕੇ ਦੀ ਸੰਸਦ ਮੈਂਬਰ ਕਨੀਮੋੜੀ ਨਾਲ ਮੁਲਾਕਾਤ ਕਰਕੇ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ। -ਪੀਟੀਆਈ
ਮਮਤਾ ਨੂੰ ਮਿਲੇ ਜਾਵੇਦ ਅਖ਼ਤਰ ਤੇ ਸ਼ਬਾਨੀ ਆਜ਼ਮੀ
ਨਵੀਂ ਦਿੱਲੀ: ਅੱਜ ਸ਼ਾਮ ਨੂੰ ਗੀਤਕਾਰ ਜਾਵੇਦ ਅਖ਼ਤਰ ਤੇ ਅਦਾਕਾਰ ਸ਼ਬਾਨਾ ਆਜ਼ਮੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਜਿੱਤਣ ਦੀ ਵਧਾਈ ਦਿੱਤੀ ਤੇ ਨਾਲ ਕਲਾਕਾਰਾਂ ਲਈ ਰੌਇਲਟੀ ਯਕੀਨੀ ਬਣਾਉਣ ਸਬੰਧੀ ਬਿੱਲ ਨੂੰ ਹਮਾਇਤ ਦੇਣ ਲਈ ਧੰਨਵਾਦ ਕੀਤਾ। ਜਾਵੇਦ ਅਖ਼ਤਰ ਨੇ ਕਿਹਾ, ‘ਇਨਕਲਾਬੀ ਮੁਹਿੰਮਾਂ ਦੀ ਅਗਵਾਈ ਕਰਨਾ ਬੰਗਾਲ ਦਾ ਇਤਿਹਾਸ ਰਿਹਾ ਹੈ। ਮੇਰਾ ਮੰਨਣਾ ਹੈ ਕਿ ਤਬਦੀਲੀ ਹੋਣੀ ਚਾਹੀਦੀ ਹੈ। ਦੇਸ਼ ’ਚ ਧਰੁਵੀਕਰਨ ਸਮੇਤ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹਨ। ਬਹੁਤ ਸਾਰੇ ਭੜਕਾਊ ਬਿਆਨ ਦਿੱਤੇ ਜਾ ਰਹੇ ਹਨ ਤੇ ਹਿੰਸਕ ਘਟਨਾਵਾਂ ਵੀ ਵਾਪਰ ਰਹੀਆਂ ਹਨ। ਦਿੱਲੀ ’ਚ ਹੋਏ ਫਿਰਕੂ ਦੰਗੇ ਸ਼ਰਮਸਾਰ ਕਰਨ ਵਾਲੀ ਘਟਨਾ ਹੈ।’ ਇਸ ਮੌਕੇ ਮਮਤਾ ਬੈਨਰਜੀ ਨੇ ਜਾਵੇਦ ਅਖ਼ਤਰ ਨੂੰ ‘ਖੇਲਾ ਹੋਬੇ’ ’ਤੇ ਗੀਤ ਲਿਖਣ ਨੂੰ ਵੀ ਕਿਹਾ। -ਪੀਟੀਆਈ
ਸ਼ਿਵ ਸੈਨਾ ਵੱਲੋਂ ਮਮਤਾ ਬੈਨਰਜੀ ਦੀ ਸ਼ਲਾਘਾ
ਮੁੰਬਈ: ਮਹਾਰਾਸ਼ਟਰ ਦੀ ਮਹਾ ਵਿਕਾਸ ਅਘਾੜੀ ਗੱਠਜੋੜ ਸਰਕਾਰ ’ਚ ਭਾਈਵਾਲ ਸ਼ਿਵ ਸੈਨਾ ਨੇ ਅੱਜ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਲਈ ਪੈਨਲ ਬਣਾਉਣ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸ਼ਲਾਘਾ ਕੀਤੀ ਹੈ। ਵਿਰੋਧੀ ਧਿਰ ਦੀ ਮੰਗ ’ਤੇ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਨਾ ਬਣਾਉਣ ’ਤੇ ਭਾਜਪਾ ਦੀ ਆਲੋਚਨਾ ਕਰਦਿਆਂ ਸ਼ਿਵ ਸੈਨਾ ਨੇ ਮਮਤਾ ਬੈਨਰਜੀ ਦੇ ਕਦਮ ਨੂੰ ਸਹੀ ਕਰਾਰ ਦਿੱਤਾ। ਪਾਰਟੀ ਦੇ ਮੁੱਖ ਪੱਤਰ ‘ਸਾਮਨਾ’ ਤੇ ‘ਦੁਪਹਿਰ ਕਾ ਸਾਮਨਾ’ ਦੀ ਸੰਪਾਦਕੀ ’ਚ ਸ਼ਿਵ ਸੈਨਾ ਨੇ ਕਿਹਾ ਕਿ ਮੰਤਰੀਆਂ, ਵਿਰੋਧੀ ਧਿਰ, ਜੁਡੀਸ਼ਰੀ, ਪੱਤਰਕਾਰਾਂ, ਵਕੀਲਾਂ ਤੇ ਹੋਰ ਨਾਗਰਿਕਾਂ ਦੀ ਨਿੱਜੀ ਜ਼ਿੰਦਗੀ ਦੀ ਨਿਗਰਾਨੀ ਕਰਨੀ ਸ਼ਰਮਨਾਕ ਹੀ ਨਹੀਂ ਬਲਕਿ ਅਪਰਾਧ ਹੈ। ਉਨ੍ਹਾਂ ਕਿਹਾ, ‘ਜਦੋਂ ਆਈਬੀ, ਰਾਅ, ਸੀਬੀਆਈ, ਈਡੀ, ਐੱਨਸੀਬੀ, ਸੀਬੀਡੀਸੀ ਆਦਿ ਵੱਲੋਂ ਅਜਿਹਾ ਕੀਤਾ ਜਾ ਰਿਹਾ ਸੀ ਤਾਂ ਸਾਰਾ ਮਾਮਲਾ ਕੌਮੀ ਸੁਰੱਖਿਆ ਨਾਲ ਸਬੰਧਤ ਸੀ। ਪਰ ਹੁਣ ਜਦੋਂ ਇਜ਼ਰਾਇਲੀ ਏਜੰਸੀ ਦਾ ਨਾਂ ਸਾਹਮਣੇ ਆਇਆ ਹੈ ਤਾਂ ਅਜਿਹਾ ਲੱਗ ਰਿਹਾ ਹੈ ਕਿ ਕੇਂਦਰ ਵੱਲੋਂ ਇਸ ਨੂੰ ਪਨਾਹ ਦਿੱਤੀ ਜਾ ਰਹੀ ਹੈ। ਦੇਸ਼ ਨੂੰ ਸੱਚ ਜਾਣਨ ਦਾ ਹੱਕ ਹੈ।’ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਾਮਲੇ ’ਚ ਸਖਤ ਕਦਮ ਚੁੱਕਣਾ ਚਾਹੀਦਾ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ, ‘ਮਮਤਾ ਬੈਨਰਜੀ ਦਾ ਰਾਜ ਪਹਿਲਾ ਰਾਜ ਹੈ ਜਿਸ ਨੇ ਜਾਸੂਸੀ ਮਾਮਲੇ ਦੀ ਜਾਂਚ ਸ਼ੁਰੂ ਕਰਵਾਈ ਹੈ। ਉਸ ਦਾ ਕਦਮ ਸਹੀ ਹੈ। ਇਸ ਨੇ ਕੇਂਦਰ ਨੂੰ ਝਟਕਾ ਦਿੱਤਾ ਹੈ ਅਤੇ ਇਹ ਹੋਰਨਾਂ ਨੂੰ ਵੀ ਹਲੂਣਾ ਦੇਵੇਗਾ।’ -ਆਈਏਐੱਨਐੱਸ