ਕੋਲਕਾਤਾ, 7 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਜ਼ੋਰਦਾਰ ਹੱਲਾ ਬੋਲਦਿਆਂ ਟੀਐੱਮਸੀ ਸੁਪਰੀਮੋ ’ਤੇ ਸੂਬੇ ਦੇ ਲੋਕਾਂ ਨਾਲ ‘ਦਗ਼ਾ ਕਮਾਉਣ’ ਤੇ ‘ਬੇਇੱਜ਼ਤ’ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਮਮਤਾ ’ਤੇ ਭਰੋਸਾ ਕੀਤਾ ਸੀ ਕਿ ਉਹ ਖੱਬੇ ਪੱਖੀਆਂ ਦੀ ਹਕੂਮਤ ਮਗਰੋਂ ਤਬਦੀਲੀ ਲਿਆਏਗੀ, ਪਰ ‘ਦੀਦੀ’ ਨੇ ਲੋਕਾਂ ਨਾਲ ਧੋਖਾ ਕੀਤਾ। ਉਨ੍ਹਾਂ ਮੁੱਖ ਮੰਤਰੀ ’ਤੇ ਕੁਨਬਾਪ੍ਰਸਤੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਮਮਤਾ ਨੇ ਲੋਕਾਂ ਦੀ ‘ਦੀਦੀ’ (ਵੱਡੀ ਭੈਣ) ਬਣਨ ਦੀ ਥਾਂ ਆਪਣੇ ‘ਭਤੀਜੇ’ ਦੀ ‘ਭੂਆ’ ਬਣਨ ਦੇ ਸੀਮਤ ਕਿਰਦਾਰ ਨੂੰ ਚੁਣਿਆ। ਉਨ੍ਹਾਂ ਕਿਹਾ ਕਿ ਬੰਗਾਲ ਵਿੱਚ ਦੀਦੀ ਵੱਲੋਂ ਕੀਤੇ ‘ਚਿੱਕੜ’ ’ਚ ਭਾਜਪਾ ਦਾ ‘ਕਮਲ’ ਖਿੜੇਗਾ। ਪੱਛਮੀ ਬੰਗਾਲ ’ਚ ਅਸੈਂਬਲੀ ਚੋਣਾਂ ਦੇ ਐਲਾਨ ਮਗਰੋਂ ਇਥੇ ਬ੍ਰਿਗੇਡ ਪਰੇਡ ਮੈਦਾਨ ’ਚ ਆਪਣੇ ਪਲੇਠੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਉਨ੍ਹਾਂ ਨੂੰ ਕੁਝ ਮੁੱਠੀ ਭਰ ਕਾਰੋਬਾਰੀਆਂ ਦਾ ਹੱਥਠੋਕਾ ਦੱਸਣ ਵਾਲਿਆਂ ਨੂੰ ਰਗੜੇ ਲਾਏ। ਉਨ੍ਹਾਂ ਟੀਐੱਮਸੀ ਸੁਪਰੀਮੋ ਦੇ ਹਵਾਲੇ ਨਾਲ ਕਿਹਾ, ‘ਤੁਸੀਂ ਬੰਗਾਲ ਦੇ ਉਨ੍ਹਾਂ ਲੋਕਾਂ, ਜਿਨ੍ਹਾਂ ਨੂੰ ਲਗਦਾ ਸੀ ਕਿ ਖੱਬੇਪੱਖੀਆਂ ਦਾ ਰਾਜ ਖ਼ਤਮ ਹੋਣ ਮਗਰੋਂ ਤੁਸੀਂ ਤਬਦੀਲੀ ਲਿਆਓਗੇ, ਦਾ ਵਿਸ਼ਵਾਸ ਤੋੜ ਕੇ ਉਨ੍ਹਾਂ ਨਾਲ ਨਾ ਸਿਰਫ਼ ਵਿਸਾਹਘਾਤ ਬਲਕਿ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਹੈ। ਤੁਸੀਂ ਉਨ੍ਹਾਂ ਦੇ ਸੁਪਨਿਆਂ ਤੇ ਆਸਾਂ ਉਮੀਦਾਂ ਨੂੰ ਚਕਨਾਚੂਰ ਕਰ ਛੱਡਿਆ ਹੈ।’
ਰਾਹੁਲ ਗਾਂਧੀ ਸਮੇਤ ਹੋਰਨਾਂ ਵੱਲੋਂ ਕੁਝ ਕਾਰੋਬਾਰੀਆਂ ਦੇ ਪੱਖ ’ਚ ਫੈਸਲੇ ਲੈਣ ਦੇ ਲਾਏ ਦੋਸ਼ਾਂ ਦੇ ਹਵਾਲੇ ਨਾਲ ਸ੍ਰੀ ਮੋਦੀ ਨੇ ਕਿਹਾ, ‘ਭਾਰਤ ਦੇ 130 ਕਰੋੜ ਲੋਕ ਮੇਰੇ ਦੋਸਤ ਹਨ। ਮੈਂ ਉਨ੍ਹਾਂ ਲਈ ਕੰਮ ਕਰਦਾ ਹਾਂ। ਮੈਂ ਬੰਗਾਲ ਦੇ ਆਪਣੇ ਦੋਸਤਾਂ ਨੂੰ 90 ਲੱਖ ਗੈਸ ਕੁਨੈਕਸ਼ਨ ਦਿੱਤੇ ਹਨ। ਮੇਰਾ ਚਾਹ ਨਾਲ ਵਿਸ਼ੇਸ਼ ਨਾਤਾ ਰਿਹਾ ਹੈ ਤੇ ਬੰਗਾਲ ਦੇ ਚਾਹ ਬਗਾਨਾਂ ’ਚ ਕੰਮ ਕਰਦ ਕਾਮੇ ਮੇਰੇ ਦੋਸਤ ਹਨ।’ ਉਨ੍ਹਾਂ ‘ਅੰਦਰਵਾਲਾ ਤੇ ਬਾਹਰਵਾਲਾ’ ਦੇ ਨਾਂ ’ਤੇ ਛੇੜੀ ਵਿਚਾਰ ਚਰਚਾ ਲਈ ਵੀ ਮਮਤਾ ਨੂੰ ਰਗੜੇ ਲਾਏ। -ਪੀਟੀਆਈ
ਅਦਾਕਾਰ ਮਿਥੁਨ ਚੱਕਰਵਰਤੀ ਭਾਜਪਾ ਵਿੱਚ ਸ਼ਾਮਲ
ਕੋਲਕਾਤਾ: ਉੱਘਾ ਅਦਾਕਾਰ ਮਿਥੁਨ ਚੱਕਰਵਰਤੀ ਅੱਜ ਇਥੇ ਬ੍ਰਿਗੇਡ ਪਰੇਡ ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਸ਼ਾਲ ਰੈਲੀ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਿਆ। ਭਾਜਪਾ ਦੇ ਕੌਮੀ ਪ੍ਰਧਾਨ ਕੈਲਾਸ਼ ਵਿਜੈਵਰਗੀਆ ਤੇ ਸੂਬਾ ਪ੍ਰਧਾਨ ਦਿਲੀਪ ਘੋਸ਼ ਸਮੇਤ ਹੋਰਨਾਂ ਨੇ ਅਦਾਕਾਰ ਨੂੰ ਪਾਰਟੀ ’ਚ ਜੀ ਆਇਆਂ ਆਖਿਆ। ਕੌਮੀ ਐਵਾਰਡ ਜੇਤੂ ਅਦਾਕਾਰ ਨੇ ਕਿਹਾ ਕਿ ਉਹ ਹਮੇਸ਼ਾਂ ਤੋਂ ਦੱਬੇ ਕੁਚਲਿਆਂ ਤੇ ਕਮਜ਼ੋਰ ਵਰਗਾਂ ਲਈ ਕੰਮ ਕਰਨ ਦਾ ਇੱਛੁਕ ਸੀ ਤੇ ਭਾਜਪਾ ਨੇ ਉਸ ਨੂੰ ਆਪਣੀਆਂ ਇਨ੍ਹਾਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਮੰਚ ਮੁਹੱਈਆ ਕਰਵਾਇਆ ਹੈ। ਅਦਾਕਾਰ ਨੇ ਕਿਹਾ ਕਿ ਉਸ ਨੂੰ ਆਪਣੇ ਬੰਗਾਲੀ ਹੋਣ ’ਤੇ ਮਾਣ ਹੈ। ਚੱਕਰਵਰਤੀ ਨੇ ਆਪਣੀ ਇਕ ਫ਼ਿਲਮ ਦਾ ਡਾਇਲਾਗ ਬੋਲਦਿਆਂ ਕਿਹਾ, ‘ਮੈਨੂੰ ਕਿਤੇ ਫੁੰਕਾਰ ਮਾਰਨ ਵਾਲਾ ਸੱਪ ਨਾ ਸਮਝ ਲਿਓ, ਮੈਂ ਕੋਬਰਾ ਹਾਂ, ਇਕ ਡੰਗ ਨਾਲ ਬੰਦੇ ਨੂੰ ਮਾਰ ਸਕਦਾਂ।’ ਪਿਛਲੇ ਮਹੀਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਅਦਾਕਾਰ ਨਾਲ ਉਸ ਦੇ ਮੁੰਬਈ ਸਥਿਤ ਬੰਗਲੇ ’ਤੇ ਮੁਲਾਕਾਤ ਕੀਤੀ ਸੀ। ਕਦੇ ਮਮਤਾ ਬੈਨਰਜੀ ਦੇ ਨਜ਼ਦੀਕੀ ਰਹੇ ਚੱਕਰਵਰਤੀ ਨੂੰ ਤ੍ਰਿਣਮੂਲ ਕਾਂਗਰਸ ਨੇ 2014 ਵਿੱਚ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ, ਪਰ 2016 ’ਚ ਸ਼ਾਰਦਾ ਪੌਂਜ਼ੀ ਸਕੀਮ ਵਿੱਚ ਨਾਮ ਆਉਣ ਮਗਰੋਂ ਅਦਾਕਾਰ ਨੇ ਸਿਹਤ ਦੇ ਹਵਾਲੇ ਨਾਲ ਉਪਰਲੇ ਸਦਨ ਤੋਂ ਅਸਤੀਫ਼ਾ ਦੇ ਦਿੱਤਾ ਸੀ। -ਪੀਟੀਆਈ
ਨੰਦੀਗ੍ਰਾਮ ਮੇਰੀ ਧਰਤੀ ਤੇ ਮਮਤਾ ‘ਬਾਹਰਵਾਲੀ’: ਸੁਵੇਂਦੂ
ਕੋਲਕਾਤਾ: ਭਾਜਪਾ ਆਗੂ ਸੁਵੇਂਦੂ ਅਧਿਕਾਰੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚੁਣੌਤੀ ਦਿੰਦਿਆਂ ਅੱਜ ਕਿਹਾ ਕਿ ਉਹ ਅਸੈਂਬਲੀ ਚੋਣਾਂ ਵਿੱਚ ਪੱਛਮੀ ਮਿਦਨਾਪੁਰ ਦੀ ਨੰਦੀਗ੍ਰਾਮ ਸੀਟ ਤੋਂ ਟੀਐੱਮਸੀ ਸੁਪਰੀਮੋ ਨੂੰ ਹਰਾ ਦੇਵੇਗਾ। ਅਧਿਕਾਰੀ ਨੇ ਕਿਹਾ, ‘ਇਹ ਮੇਰੀ ਧਰਤੀ ਹੈ ਤੇ ਮੈਂ ਨੰਦੀਗ੍ਰਾਮ ਤੋਂ ਵੋਟਰ ਹਾਂ। ਮਮਤਾ ਬੈਨਰਜੀ ਬਾਹਰ ਵਾਲੀ ਹੈ।’ ਅਧਿਕਾਰੀ ਨੇ ਕਿਹਾ ਕਿ ਆਉਂਦੇ ਦਿਨਾਂ ’ਚ ਮਮਤਾ ਬੈਨਰਜੀ ਨੂੰ ਸਾਬਕਾ ਵਿਧਾਇਕ ਵਜੋਂ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ’ਚ ਵਿਸ਼ਵਾਸ ਰੱਖੋ। ਮੈਂ ਨੰਦੀਗ੍ਰਾਮ ਦੀ ਧਰਤੀ ਤੋਂ ਸਨਮਾਨਯੋਗ ਮੁੱਖ ਮੰਤਰੀ ਨੂੰ ਹਰਾਵਾਂਗਾ।’ -ਪੀਟੀਆਈ
ਪੱਛਮੀ ਬੰਗਾਲ ਹਮੇਸ਼ਾਂ ਘਰ ਵਾਂਗ ਲਗਦਾ ਹੈ: ਗੰਭੀਰ
ਨਵੀਂ ਦਿੱਲੀ: ਭਾਜਪਾ ਆਗੂ ਤੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਅੱਜ ਕਿਹਾ ਕਿ ਉਹ ਜਦੋਂ ਵੀ ਪੱਛਮੀ ਬੰਗਾਲ ਵਿੱਚ ਹੁੰਦਾ ਹੈ ਤਾਂ ਉਸ ਨੂੰ ਘਰ ਵਰਗਾ ਅਹਿਸਾਸ ਹੁੰਦਾ ਹੈ। ਉਹ 22 ਮਾਰਚ ਤੋਂ ਪੱਛਮੀ ਬੰਗਾਲ ਚੋਣਾਂ ਲਈ ਪ੍ਰਚਾਰ ਕਰ ਸਕਦਾ ਹੈ। ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਗੌਤਮ ਗੰਭੀਰ ਦੇ ਨਜ਼ਦੀਕੀ ਨੇ ਦੱਸਿਆ ਕਿ ਭਾਜਪਾ ਆਗੂ ਪੱਛਮੀ ਬੰਗਾਲ ਤੇ ਅਸਾਮ ਅਸੈਂਬਲੀ ਚੋਣਾਂ ਦੇ ਸਾਰੇ ਗੇੜਾਂ ਵਿੱਚ ਪਾਰਟੀ ਲਈ ਪ੍ਰਚਾਰ ਕਰੇਗਾ। ਦਿੱਲੀ ਤੋਂ ਬਾਹਰ ਗੰਭੀਰ ਦੀ ਇਹ ਪਲੇਠੀ ਮੁਕੰਮਲ ਚੋਣ ਮੁਹਿੰਮ ਹੋਵੇਗੀ। ਗੰਭੀਰ ਨੇ ਕਿਹਾ ਕਿ ਉਸ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਇਸ ਬਿਆਨ ਕਿ ਭਾਜਪਾ ‘ਬਾਹਰਲਿਆਂ’ ਦੀ ਪਾਰਟੀ ਤੇ ਉਸ ਦੀ ਇਸ ਸੂਬੇ ’ਚ ਕੋਈ ਥਾਂ ਨਹੀਂ ਹੈ, ਨਾਲ ‘ਦੁੱਖ’ ਪੁੱਜਾ ਹੈ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ 75 ਸੌ ਜਨ ਔਸ਼ਧੀ ਕੇਂਦਰ ਦੇਸ਼ ਨੂੰ ਸਮਰਪਿਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਿਲਾਂਗ ਦੇ ਉੱਤਰ-ਪੂਰਬ ’ਚ ਇੰਦਰਾ ਗਾਂਧੀ ਖੇਤਰੀ ਸਿਹਤ ਅਤੇ ਇਲਾਜ ਸੰਸਥਾ ਤੋਂ 7,500 ਜਨ ਔਸ਼ਧੀ ਕੇਂਦਰ ਦੇਸ਼ ਨੂੰ ਸਮਰਪਿਤ ਕੀਤੇ। ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਸਤੀਆਂ ਦਵਾਈਆਂ, ਮੈਡੀਕਲ ਉਪਕਰਨਾਂ ਦੀਆਂ ਕੀਮਤਾਂ ਘਟਾਉਣ ਤੇ ਸਿਹਤ ਸੰਭਾਲ ਸਬੰਧੀ ਚੁੱਕੇ ਗਏ ਕਦਮਾਂ ਸਦਕਾ ਗਰੀਬ ਅਤੇ ਆਮ ਲੋਕ ਸਾਲਾਨਾ 50 ਹਜ਼ਾਰ ਕਰੋੜ ਰੁਪਏ ਬਚਾਉਣ ਦੇ ਯੋਗ ਹੋਏ ਹਨ। ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਯੋਜਨਾ ਦਾ ਮਕਸਦ ਘੱਟ ਰੇਟ ’ਤੇ ਵਧੀਆ ਦਵਾਈਆਂ ਮੁਹੱਈਆ ਕਰਵਾਉਣਾ ਹੈ। ਸਾਲ 2014 ’ਚ ਇਨ੍ਹਾਂ ਕੇਂਦਰਾਂ ਦੀ ਗਿਣਤੀ 86 ਸੀ, ਜੋ ਹੁਣ 7,500 ਹੋ ਗਈ ਹੈ। ਵਿੱਤੀ ਸਾਲ 2020-21 ਦੌਰਾਨ ਇਨ੍ਹਾਂ ਕੇਂਦਰਾਂ ’ਤੇ ਦਵਾਈਆਂ ਦੀ ਵਿੱਕਰੀ ਨਾਲ ਲੋਕਾਂ ਦੀ ਲੱਗਪਗ 3,600 ਕਰੋੜ ਰੁਪਏ ਦੀ ਬੱਚਤ ਹੋਈ। ਇਨ੍ਹਾਂ ਕੇਂਦਰਾਂ ’ਤੇ ਦਵਾਈਆਂ ਮਾਰਕੀਟ ਰੇਟ ਨਾਲੋਂ 50 ਤੋਂ 90 ਫ਼ੀਸਦੀ ਸਸਤੀਆਂ ਮਿਲਦੀਆਂ ਹਨ। -ਪੀਟੀਆਈ