ਕ੍ਰਿਸ਼ਨਾਨਗਰ, 31 ਮਾਰਚ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ਦੇ ਲੋਕ ਸਭਾ ਚੋਣਾਂ ਵਿੱਚ 400 ਤੋਂ ਵੱਧ ਸੀਟਾਂ ਜਿੱਤਣ ਦੇ ਟੀਚੇ ਦਾ ਮਜ਼ਾਕ ਉਡਾਉਂਦਿਆਂ ਉਸ ਨੂੰ 200 ਸੀਟਾਂ ਦਾ ਅੰਕੜਾ ਪਾਰ ਕਰਨ ਦੀ ਚੁਣੌਤੀ ਦਿੱਤੀ। ਮਮਤਾ ਨੇ ਕਿਹਾ ਕਿ ਉਹ ਸੂਬੇ ਵਿੱਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਲੋਕਾਂ ਨੂੰ ਸਾਵਧਾਨ ਕੀਤਾ ਕਿ ਸੀਏਏ ਲਈ ਅਰਜ਼ੀ ਦੇਣ ਵਾਲਾ ਵਿਅਕਤੀ ਵਿਦੇਸ਼ੀ ਬਣ ਜਾਵੇਗਾ। ਤ੍ਰਿਣਮੂਲ ਕਾਂਗਰਸ ਮੁਖੀ ਨੇ ਲੋਕਾਂ ਨੂੰ ਇਸ ਲਈ ਅਰਜ਼ੀ ਨਾ ਦੇਣ ਦੀ ਅਪੀਲ ਕੀਤੀ।
ਕ੍ਰਿਸ਼ਨਾਨਗਰ ਵਿੱਚ ਟੀਐੱਮਸੀ ਉਮੀਦਵਾਰ ਮਹੂਆ ਮੋਇਤਰਾ ਲਈ ਪ੍ਰਚਾਰ ਕਰਦਿਆਂ ਮਮਤਾ ਨੇ ਕਿਹਾ, ‘‘ਭਾਜਪਾ ‘400 ਪਾਰ’ ਕਹਿ ਰਹੀ ਹੈ ਪਰ ਮੈਂ ਉਸ ਨੂੰ 200 ਸੀਟਾਂ ਦਾ ਅੰਕੜਾ ਪਾਰ ਕਰਨ ਦੀ ਚੁਣੌਤੀ ਦਿੰਦੀ ਹਾਂ। 2021 ਦੀਆਂ ਵਿਧਾਨ ਸਭਾ ਚੋਣਾਂ ’ਚ ਉਸ ਨੇ 200 ਤੋਂ ਵੱਧ ਸੀਟਾਂ ਦਾ ਟੀਚਾ ਰੱਖਿਆ ਸੀ ਪਰ ਉਸ ਨੂੰ 77 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਇਨ੍ਹਾਂ 77 ਸੀਟਾਂ ’ਤੇ ਜਿੱਤਣ ਵਾਲੇ ਕੁਝ ਆਗੂ ਸਾਡੇ ਨਾਲ ਆ ਰਲੇ ਹਨ।’’ ਉਨ੍ਹਾਂ ਕਿਹਾ ਕਿ ਇਸ ਵਾਰ ਭਾਜਪਾ ਦੀ ਹਾਰ ਤੈਅ ਹੈ। ਲੋਕ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਕਾਹਲੇ ਹਨ।
ਭਾਜਪਾ ਨੂੰ ‘ਜੁਮਲਾ’ ਪਾਰਟੀ ਦੱਸਦਿਆਂ ਟੀਐੱਮਸੀ ਸੁਪਰੀਮੋ ਨੇ ਉਸ ’ਤੇ ਸੀਏਏ ਬਾਰੇ ‘ਝੂਠ ਫੈਲਾਉਣ’ ਦਾ ਦੋਸ਼ ਲਗਾਇਆ ਅਤੇ ਕਿਹਾ, ‘‘ਸੀਏਏ ’ਤੇ ਮੋਦੀ ਦੀ ਜ਼ੀਰੋ ਗਾਰੰਟੀ ਹੈ। ਸੀਏਏ ਜਾਇਜ਼ ਨਾਗਰਿਕਾਂ ਨੂੰ ਵਿਦੇਸ਼ੀ ਬਣਾਉਣ ਦਾ ਜਾਲ ਹੈ। ਇੱਕ ਵਾਰ ਸੀਏਏ ਲਾਗੂ ਹੋ ਗਿਆ ਤਾਂ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਲਾਗੂ ਕੀਤਾ ਜਾਵੇਗਾ। ਅਸੀਂ ਪੱਛਮੀ ਬੰਗਾਲ ਵਿੱਚ ਨਾ ਤਾਂ ਸੀਏਏ ਅਤੇ ਨਾ ਹੀ ਐੱਨਸੀਆਰ ਲਾਗੂ ਕਰਨ ਦੀ ਇਜਾਜ਼ਤ ਦੇਵਾਂਗੇ। ਕੇਂਦਰ ਸਰਕਾਰ ਦੇ ਝੂਠੇ ਵਾਅਦਿਆਂ ਦੇ ਜਾਲ ਵਿੱਚ ਨਾ ਫਸੋ। ਜੇ ਤੁਸੀਂ ਇਸ ਲਈ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਪੰਜ ਸਾਲਾਂ ਲਈ ਵਿਦੇਸ਼ੀ ਐਲਾਨ ਦਿੱਤਾ ਦਿੱਤਾ ਜਾਵੇਗਾ।’’
ਸੀਏਏ ਦੇ ਲਾਗੂ ਹੋਣ ਦਾ ਸਭ ਤੋਂ ਵੱਧ ਲਾਭ ਮਤੂਆ ਭਾਈਚਾਰੇ ਨੂੰ ਹੋਣ ਦੀ ਉਮੀਦ ਹੈ। ਮਮਤਾ ਨੇ ਇਸ ਭਾਈਚਾਰੇ ਨੂੰ ਉਨ੍ਹਾਂ ’ਤੇ ਭਰੋਸਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਕਦੇ ਕਿਸੇ ਨੂੰ ਉਨ੍ਹਾਂ ਦੀ ਨਾਗਰਿਕਤਾ ਖੋਹਣ ਨਹੀਂ ਦੇਣਗੇ। ਉਨ੍ਹਾਂ ਕਿਹਾ, ‘‘ਮਤੂਆ ਭਾਈਚਾਰੇ ਦੇ ਲੋਕੋ, ਕਿਰਪਾ ਕਰਕੇ ਮੇਰੇ ’ਤੇ ਭਰੋਸਾ ਰੱਖੋ। ਮੈਂ ਕਿਸੇ ਨੂੰ ਤੁਹਾਡੀ ਨਾਗਰਿਕਤਾ ਖੋਹਣ ਨਹੀਂ ਦਿਆਂਗੀ। ਸੀਏਏ ਜ਼ਰੀਏ ਉਹ ਤੁਹਾਡੇ ਤੋਂ ਸਭ ਕੁਝ ਖੋਹ ਲੈਣਗੇ।’’
ਮੋਇਤਰਾ ਦੀ ਭਾਜਪਾ ਖ਼ਿਲਾਫ਼ ਲੜਾਈ ਦੀ ਸ਼ਲਾਘਾ ਕਰਦਿਆਂ ਮਮਤਾ ਨੇ ਕਿਹਾ, ‘‘ਤੁਹਾਡੇ (ਵੋਟਰਾਂ) ਵੱਲੋਂ ਚੁਣੇ ਜਾਣ ਦੇ ਬਾਵਜੂਦ ਮਹੂਆ ਮੋਇਤਰਾ ਨੂੰ ਗੈਰ-ਰਸਮੀ ਤਰੀਕੇ ਨਾਲ ਕੱਢ ਦਿੱਤਾ ਗਿਆ। ਅਸੀਂ ਉਸ ਨੂੰ ਇਸ ਸੀਟ ਤੋਂ ਮੁੜ ਉਮੀਦਵਾਰ ਐਲਾਨਿਆ ਹੈ। ਮਹੂਆ ਨੂੰ ਇਸ ਲਈ ਕੱਢ ਦਿੱਤਾ ਗਿਆ ਕਿਉਂਕਿ ਉਹ ਸੰਸਦ ਵਿੱਚ ਭਾਜਪਾ ਖ਼ਿਲਾਫ਼ ਸਭ ਤੋਂ ਵੱਧ ਆਵਾਜ਼ ਉਠਾਉਣ ਵਾਲੀ ਆਗੂ ਸੀ। ਤੁਹਾਨੂੰ ਵੋਟਾਂ ਦੇ ਰਿਕਾਰਡ ਫਰਕ ਨਾਲ ਉਸ ਦੀ ਜਿੱਤ ਯਕੀਨੀ ਬਣਾਉਣੀ ਪਵੇਗੀ।’’ -ਪੀਟੀਆਈ
ਬੰਗਾਲ ਵਿੱਚ ਸੀਪੀਐੱਮ ਅਤੇ ਕਾਂਗਰਸ ’ਤੇ ਭਾਜਪਾ ਲਈ ਕੰਮ ਕਰਨ ਦਾ ਦੋਸ਼
ਮਮਤਾ ਨੇ ਕਿਹਾ, “ਪੱਛਮੀ ਬੰਗਾਲ ਵਿੱਚ ਕੋਈ ‘ਇੰਡੀਆ’ ਗੱਠਜੋੜ ਨਹੀਂ ਹੈ। ਸੀਪੀਆਈ (ਐਮ) ਅਤੇ ਕਾਂਗਰਸ ਬੰਗਾਲ ਵਿੱਚ ਭਾਜਪਾ ਲਈ ਕੰਮ ਕਰ ਰਹੇ ਹਨ। ਮੈਂ ‘ਇੰਡੀਆ’ ਗੱਠਜੋੜ ਬਣਾਇਆ ਅਤੇ ਇਸ ਦਾ ਨਾਮ ਰੱਖਿਆ। ਅਸੀਂ ਚੋਣਾਂ ਤੋਂ ਬਾਅਦ ਇਸ ’ਤੇ ਵਿਚਾਰ ਕਰਾਂਗੇ।’’ ਮੁੱਖ ਮੰਤਰੀ ਨੇ ਵੋਟਰਾਂ ਨੂੰ ਸੂਬੇ ਵਿੱਚ ਖੱਬੇ ਪੱਖੀ, ਕਾਂਗਰਸ ਅਤੇ ਆਈਐੱਸਐੱਫ (ਭਾਰਤੀ ਧਰਮ ਨਿਰਪੱਖ ਮੋਰਚਾ) ਗੱਠਜੋੜ ਦੇ ਉਮੀਦਵਾਰਾਂ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੋਟ ਦੇਣ ਦਾ ਮਤਲਬ ‘ਭਾਜਪਾ ਨੂੰ ਵੋਟ ਪਾਉਣਾ ਹੈ।’ -ਪੀਟੀਆਈ