ਕੋਲਕਾਤਾ, 5 ਅਪਰੈਲ
ਰਾਜ ਸਭਾ ਮੈਂਬਰ ਜਯਾ ਬੱਚਨ ਨੇ ਅੱਜ ਤ੍ਰਿਣਮੂਲ ਕਾਂਗਰਸ ਲਈ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਮਮਤਾ ਬੈਨਰਜੀ ਇਕੱਲੀ ਹੀ ਬੰਗਾਲ ਦੇ ਜਮਹੂਰੀ ਹੱਕਾਂ ਲਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਕੱਲੀ ਆਪਣੇ ਦਮ ’ਤੇ ਵਧੀਕੀਆਂ ਤੇ ਜ਼ੁਲਮਾਂ ਖ਼ਿਲਾਫ਼ ਡਟੀ ਹੋਈ ਹੈ। ਜਯਾ ਨੇ ਭਾਜਪਾ ’ਤੇ ਅਸਿੱਧਾ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਬੰਗਾਲੀਆਂ ਨੂੰ ਧਮਕਾਉਣ ਵਾਲਾ ਕਦੇ ਵੀ ਸਫ਼ਲ ਨਹੀਂ ਹੋਇਆ। ਉਨ੍ਹਾਂ ਕਿਹਾ, ‘ਮਮਤਾ ਬੈਨਰਜੀ ਦਾ ਪੈਰ ਟੁੱਟਿਆ, ਪਰ ਉਹ ਫਿਰ ਬੰਗਾਲ ਦੇ ਲੋਕਾਂ ਦੇ ਅਧਿਕਾਰਾਂ ਤੇ ਸਨਮਾਨ ਲਈ ਲੜ ਰਹੀ ਹੈ। ਇਹ ਔਰਤਾਂ ਲਈ ਸਭ ਤੋਂ ਸੁਰੱਖਿਅਤ ਰਾਜ ਹੈ। ਜੋ ਉਨ੍ਹਾਂ ਦੀ ਆਲੋਚਨਾ ਕਰਦੇ ਹਨ, ਉਨ੍ਹਾਂ ਲਈ ਮੈਂ ਸਿਰਫ਼ ਇੰਨਾ ਕਹੂੰਗੀ ਕਿ ਸ਼ਰਮ ਕਰੋ, ਸ਼ਰਮ ਕਰੋ।’ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਤਿੰਨ ਵਾਰ ਟੌਲੀਗੰਜ ਤੋਂ ਵਿਧਾਇਕ ਅਰੂਪ ਬਿਸਵਾਸ ਲਈ ਚੋਣ ਪ੍ਰਚਾਰ ਕੀਤਾ। ਬਿਸਵਾਸ ਦਾ ਮੁਕਾਬਲਾ ਕੇਂਦਰੀ ਮੰਤਰੀ ਬਾਬੁਲ ਸੁਪ੍ਰੀਓ ਨਾਲ ਹੈ। ਜਯਾ ਨੇ ਕਿਹਾ ਕਿ ਉਹ ਸਪਾ ਮੁਖੀ ਅਖਿਲੇਸ਼ ਯਾਦਵ ਦੀਆਂ ਹਦਾਇਤਾਂ ’ਤੇ ਹੀ ਪੱਛਮੀ ਬੰਗਾਲ ’ਚ ਚੋਣ ਪ੍ਰਚਾਰ ਲਈ ਆਈ ਹੈ। ਜਯਾ ਬੱਚਨ ਪੱਛਮੀ ਬੰਗਾਲ ਦੇ ਜਬਲਪੁਰ ਨਾਲ ਸਬੰਧਤ ਹੈ ਤੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਵਿਆਹੀ ਹੈ। ਸੁਪਰ ਸਟਾਰ ਨੂੰ ਬੰਗਾਲ ਦਾ ਜਮਾਈ ਵੀ ਆਖਿਆ ਜਾਂਦਾ ਹੈ।