ਮੁੰਬਈ, 4 ਦਸੰਬਰ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਮੁਖੀ ਮਮਤਾ ਬੈਨਰਜੀ ’ਤੇ ਨਿਸ਼ਾਨਾ ਸੇਧਦਿਆਂ ਸ਼ਿਵ ਸੈਨਾ ਨੇ ਅੱਜ ਕਿਹਾ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਨੂੰ ਕੌਮੀ ਸਿਆਸਤ ਤੋਂ ਦੂਰ ਰੱਖ ਕੇ ਅਤੇ ਯੂਪੀਏ ਦੇ ਬਰਾਬਰ ਵਿਰੋਧੀ ਗੱਠਜੋੜ ਬਣਾ ਕੇ ਉਹ ਹੁਕਮਰਾਨ ਭਾਜਪਾ ਤੇ ਫ਼ਾਸ਼ੀਵਾਦੀ ਤਾਕਤਾਂ ਨੂੰ ਮਜ਼ਬੂਤ ਕਰ ਰਹੀ ਹੈ। ਪਾਰਟੀ ਦੇ ਮੁੱਖ ਪੱਤਰ ‘ਸਾਮਨਾ’ ’ਚ ਸੰਪਾਦਕੀ ’ਚ ਕਿਹਾ ਗਿਆ ਹੈ ਕਿ ਜਿਹੜੇ ਕਾਂਗਰਸ ਦੀ ਅਗਵਾਈ ਹੇਠਲੀ ਯੂਪੀਏ ਨਹੀਂ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣਾ ਸਟੈਂਡ ਜਨਤਕ ਤੌਰ ’ਤੇ ਸਪੱਸ਼ਟ ਕਰਨਾ ਚਾਹੀਦਾ ਹੈ। ਜਿਹੜੇ ਲੋਕ ਭਾਜਪਾ ਨਾਲ ਲੜ ਰਹੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਕਾਂਗਰਸ ਦੀ ਹੋਂਦ ਖ਼ਤਮ ਹੋ ਜਾਣੀ ਚਾਹੀਦੀ ਹੈ ਤਾਂ ਉਨ੍ਹਾਂ ਦਾ ਇਹ ਰਵੱਈਆ ਸਭ ਤੋਂ ਵੱਡਾ ਖ਼ਤਰਾ ਹੈ। ਸ਼ਿਵ ਸੈਨਾ ਨੇ ਕਿਹਾ ਹੈ ਕਿ ਜੇਕਰ ਵਿਰੋਧੀ ਧਿਰਾਂ ’ਚ ਕੋਈ ਏਕਤਾ ਨਾ ਹੋਈ ਤਾਂ ਭਾਜਪਾ ਨੂੰ ਰੋਕਣ ਦਾ ਸਿਆਸੀ ਬਦਲ ਦੇਣ ਦੀਆਂ ਕੋਸ਼ਿਸ਼ਾਂ ਬਾਰੇ ਗੱਲਬਾਤ ਬੰਦ ਹੋਣੀ ਚਾਹੀਦੀ ਹੈ। ਪਾਰਟੀ ਨੇ ਕਿਹਾ ਹੈ ਕਿ ਕਾਂਗਰਸ ਦਾ ਪਿਛਲੇ ਇਕ ਦਹਾਕੇ ਦੌਰਾਨ ਨਿਘਾਰ ਚਿੰਤਾ ਦਾ ਵਿਸ਼ਾ ਹੈ ਅਤੇ ਉਸ ਨੂੰ ਹੋਰ ਡੇਗ ਕੇ ਆਪਣਾ ਸਥਾਨ ਬਣਾਉਣਾ ਹੋਰ ਵੀ ਖ਼ਤਰਨਾਕ ਗੱਲ ਹੈ।
ਊਧਵ ਠਾਕਰੇ ਦੀ ਅਗਵਾਈ ਹੇਠਲੀ ਪਾਰਟੀ ਨੇ ਕਿਹਾ ਹੈ ਕਿ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਚੁਣੌਤੀ ਦੇ ਰਹੇ ਹਨ। ਸੰਪਾਦਕੀ ਮੁਤਾਬਕ ਜਿਹੜੀਆਂ ਪਾਰਟੀਆਂ ਕਾਂਗਰਸ ’ਚੋਂ ਨਿਕਲ ਕੇ ਆਪਣਾ ਵਜੂਦ ਬਣਾ ਸਕੀਆਂ ਹਨ, ਉਹ ਹੁਣ ਕਾਂਗਰਸ ਨੂੰ ਹੀ ਠਿੱਬੀ ਲਾਉਣ ਦੀਆਂ ਕੋਸ਼ਿਸ਼ਾਂ ’ਚ ਹਨ। ਉਨ੍ਹਾਂ ਕਿਹਾ ਕਿ ਸੋਨੀਆ ਅਤੇ ਰਾਹੁਲ ਗਾਂਧੀ ਨੂੰ ਵੀ ਯੂਪੀਏ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵਿਰੋਧੀ ਧਿਰਾਂ ਦਾ ਮਜ਼ਬੂਤ ਗੱਠਜੋੜ ਚਾਹੁੰਦੇ ਹਨ, ਉਨ੍ਹਾਂ ਨੂੰ ਯੂਪੀਏ ਦੀ ਮਜ਼ਬੂਤੀ ਲਈ ਪਹਿਲ ਕਰਨੀ ਚਾਹੀਦੀ ਹੈ। -ਪੀਟੀਆਈ