ਕੂਚਬਿਹਾਰ, 6 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਸੱਜਰਾ ਹੱਲਾ ਬੋਲਦਿਆਂ ਦਾਅਵਾ ਕੀਤਾ ਕਿ ਵੋਟਾਂ ਨਾ ਵੰਡੀਆਂ ਜਾਣ ਲਈ ਮੁਸਲਮਾਨਾਂ ਨੂੰ ਇਕਜੁਟ ਹੋਣ ਦੀ ਕੀਤੀ ਅਪੀਲ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਤ੍ਰਿਣਮੂਲ ਕਾਂਗਰਸ ਵਿਧਾਨ ਸਭਾ ਚੋਣਾਂ ਦੀ ਜੰਗ ਹਾਰ ਗਈ ਹੈ। ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਜੇ ਉਨ੍ਹਾਂ ਨੇ ਹਿੰਦੂਆਂ ਨੂੰ ਇਕਜੁਟ ਹੋਣ ਤੇ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਹੁਣ ਤੱਕ ਚੋਣ ਕਮਿਸ਼ਨ ਤੋਂ ਅੱਠ ਦਸ ਨੋਟਿਸ ਮਿਲ ਗਏ ਹੁੰਦੇ ਤੇ ਦੇਸ਼ ਭਰ ਦੀਆਂ ਅਖ਼ਬਾਰਾਂ ਵਿੱਚ ਉਨ੍ਹਾਂ ਖ਼ਿਲਾਫ਼ ਸੰਪਾਦਕੀ ਛਪ ਗਏ ਹੁੰਦੇ। ਸ੍ਰੀ ਮੋਦੀ ਨੇ ਕਿਹਾ ਕਿ ਮਮਤਾ ਬੈਨਰਜੀ ਨੇ ਅਜਿਹੀ ਅਪੀਲ ਕਰਕੇ ‘ਸੈਲਫ ਗੋਲ’ ਕਰ ਲਿਆ ਹੈ ਤੇ ਨਾਲ ਹੀ ਇਹ ਗੱਲ ਵੀ ਮੰਨ ਲਈ ਹੈ ਕਿ ਉਹ ਚੋਣ ਹਾਰ ਚੁੱਕੀ ਹੈ। ਪੱਛਮੀ ਬੰਗਾਲ ’ਚ ਆਪਣੀ ਹਰ ਚੋਣ ਰੈਲੀ ਦੌਰਾਨ ਮਮਤਾ ਬੈਨਰਜੀ ਨੂੰ ‘ਦੀਦੀ ਓ ਦੀਦੀ’ ਕਹਿ ਕੇ ਸੰਬੋਧਨ ਕਰਨ ਵਾਲੇ ਸ੍ਰੀ ਮੋਦੀ ਨੇ ਅੱਜ ਆਪਣੀ ਰਣਨੀਤੀ ’ਚ ਕੁਝ ਤਬਦੀਲੀ ਕਰਦਿਆਂ ਆਪਣੇ ਸੰਬੋਧਨ ਦੌਰਾਨ ਮਮਤਾ ਨੂੰ ‘ਸਤਿਕਾਰਯੋਗ ਦੀਦੀ ਓ ਦੀਦੀ’ ਕਹਿ ਕੇ ਸੰਬੋਧਤ ਕੀਤਾ। ਪੀਟੀਆਈ