ਪੁਰੂਲੀਆ(ਪੱੱਛਮੀ ਬੰਗਾਲ)/ਕਰੀਮਗੰਜ, 18 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ‘ਲੋਕ ਲੁਭਾਊ ਤੇ ਵੋਟ ਬੈਂਕ ਦੀ ਸਿਆਸਤ’ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ‘ਦੀਦੀ’ ਦੀਆਂ ਇਹੀ ਨੀਤੀਆਂ ਸੂਬੇ ਵਿੱਚ ‘ਘੁਸਪੈਠ’ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਮਮਤਾ ਨੇ ਭ੍ਰਿਸ਼ਟ ਪ੍ਰਸ਼ਾਸਨ ਦੀ ਅਗਵਾਈ ਕੀਤੀ ਹੈ। ਸ੍ਰੀ ਮੋਦੀ ਨੇ ਕਿਹਾ ਕਿ 2 ਮਈ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ‘ਮਮਤਾ ਦਾ ਖੇਲਾ’ ਖ਼ਤਮ ਤੇ ਸੂਬੇ ਦਾ ‘ਵਿਕਾਸ ਸ਼ੁਰੂ’ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ‘ਡੀਬੀਟੀ’ (ਸਿੱਧੇ ਲਾਭ ਤਬਾਦਲੇ) ’ਚ ਯਕੀਨ ਰੱਖਦੀ ਹੈ ਜਦੋਂਕਿ ਟੀਐੱਮਸੀ ਨੂੰ ‘ਟਰਾਂਸਫਰ ਮਾਈ ਕਮਿਸ਼ਨ’ ਵਿੱਚ ਯਕੀਨ ਹੈ। ਉਧਰ ਅਸਾਮ ਵਿੱਚ ਆਪਣੀ ਪਲੇਠੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।
ਇਥੇ ਸੂਬੇ ਦੇ ਕਬਾਇਲੀ ਜੰਗਲਮਹਿਲ ਖੇਤਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਕਦੇ ਵੀ ਦਲਿਤਾਂ, ਪੱਛੜਿਆਂ ਤੇ ਆਦਿਵਾਸੀਆਂ ਨੂੰ ਆਪਣਾ ਨਹੀਂ ਸਮਝਿਆ ਤੇ ਇਸ ਵਰਗ ਨੂੰ ਸੂਬੇ ਦੀ ਸੱਤਾਧਾਰੀ ਪਾਰਟੀ ਦੇ ‘ਕੱਟ ਮਨੀ’ ਸਭਿਆਚਾਰ ਤੇ ਤੋਲਾਬਾਜੀ (ਜਬਰੀ ਵਸੂਲੀ) ਦੀ ਸਭ ਤੋਂ ਵੱਧ ਮਾਰ ਪਈ ਹੈ। ਉਨ੍ਹਾਂ ਬੈਨਰਜੀ ਸਰਕਾਰ ’ਤੇ ਸਰਕਾਰੀ ਪੈਸੇ ਦੀ ਲੁੱਟ ਕਰਨ ਵਾਲੇ ਮਾਓਵਾਦੀ ਬਾਗ਼ੀਆਂ ਦੀ ਸਰਪ੍ਰਸਤੀ ਦਾ ਵੀ ਦੋਸ਼ ਲਾਇਆ। ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘ਸੂਬੇ ’ਚ ਘੁਸਪੈਠ ਦਾ ਇਕੋ ਇਕ ਅਹਿਮ ਕਾਰਨ ਮਮਤਾ ਸਰਕਾਰ ਵੱਲੋਂ ਕੀਤੀ ਜਾਂਦੀ ਲੋਕਾਂ ਨੂੰ ਪਤਿਆਉਣ ਤੇ ਵੋਟ ਬੈਂਕ ਦੀ ਸਿਆਸਤ ਹੈ।’ ਉਨ੍ਹਾਂ ਮਮਤਾ ਬੈਨਰਜੀ ਵੱਲੋਂ ਦਿੱਤੇ ਨਾਅਰੇ ‘ਖੇਲਾ ਹੋਬੇ’ ਦਾ ਵਿਅੰਗਮਈ ਹਵਾਲਾ ਦਿੰਦਿਆਂ ਕਿਹਾ, ‘2 ਮਈ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਦੀਦੀ ਦਾ ‘ਖੇਲਾ ਖ਼ਤਮ ਤੇ ਵਿਕਾਸ ਸ਼ੁਰੂ ਹੋਵੇਗਾ।’ ਉਨ੍ਹਾਂ ਕਿਹਾ, ‘ਦੀਦੀ ਕਹਿੰਦੀ ਹੈ ਖੇਲਾ ਹੋਬੇ, ਭਾਜਪਾ ਕਹਿੰਦੀ ਹੈ ਨੌਕਰੀਆਂ ਹੋਣਗੀਆਂ; ਦੀਦੀ ਕਹਿੰਦੀ ਹੈ ਖੇਲਾ ਹੋਬੇ, ਭਾਜਪਾ ਕਹਿੰਦੀ ਹੈ ਸਿੱਖਿਆ ਹੋਵੇਗੀ; ਦੀਦੀ ਕਹਿੰਦੀ ਹੈ ਖੇਲਾ ਹੋਬੇ, ਭਾਜਪਾ ਕਹਿੰਦੀ ਹੈ ਕਿ ਮਹਿਲਾਵਾਂ ਦਾ ਸਸ਼ਕਤੀਕਰਨ ਹੋਵੇਗਾ; ਦੀਦੀ ਕਹਿੰਦੀ ਹੈ ਖੇਲਾ ਹੋਬੇ, ਭਾਜਪਾ ਕਹਿੰਦੀ ਹੈ ਤੁਹਾਨੂੰ ਪੱਕੇ ਮਕਾਨ ਤੇ ਸਾਫ਼ ਪਾਣੀ ਦੇ ਪਾਈਪ ਕੁਨੈਕਸ਼ਨ ਮਿਲਣਗੇ।’ ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਦੀ ਸੁਪਰੀਮੋ ਵੋਟ ਬੈਂਕ ਦੀ ਰਾਜਨੀਤੀ ਲਈ ਇਕ ਵਰਗ ਦੇ ਲੋਕਾਂ ਨੂੰ ਪਤਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ, ‘ਬੰਗਾਲ ਦੇ ਲੋਕਾਂ ਦੀ ਯਾਦਸ਼ਕਤੀ ਬਹੁਤ ਪੱਕੀ ਹੈ। ਬੰਗਾਲ ਨੂੰ ਯਾਦ ਹੈ ਕਿ ਕਿਸ ਨੇ ਥਲ ਸੈਨਾ ’ਤੇ ਤਖ਼ਤਾ ਪਲਟ ਦੀ ਯੋਜਨਾ ਘੜਨ ਦਾ ਦੋਸ਼ ਲਾਇਆ ਸੀ, ਤੁਸੀਂ ਪੁਲਵਾਮਾ ਹਮਲੇ ਤੇ ਬਾਟਲਾ ਹਾਊਸ ਮੁਕਾਬਲੇ ਦੌਰਾਨ ਕਿਸ ਧਿਰ ਦਾ ਸਾਥ ਦਿੱਤਾ ਸੀ।’ ਉਨ੍ਹਾਂ ਕਿਹਾ ਕਿ ਟੀਐੱਮਸੀ ਨੇ ਬੰਗਾਲ ’ਚ ਸਰਕਾਰੀ ਪੈਸਾ ਲੁੱਟਣ ਵਾਲੇ ਮਾਓਵਾਦੀਆਂ ਦੀ ਇਕ ਨਵੀਂ ਨਸਲ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਜਿੱਥੇ ‘ਆਪਣੇ ਖੇਲਾ ’ਚ’ ਰੁੱਝੀ ਹੋਈ ਹੈ, ਉਥੇ ਕਬਾਇਲੀ ਖੇਤਰ ਲਗਾਤਾਰ ਕੰਗਾਲੀ ’ਚ ਧੱਸਦਾ ਜਾ ਰਿਹਾ ਹੈ। ਇਥੇ ਸਨਅਤਾਂ ਨੂੰ ਨਹੀਂ ਲੱਗਣ ਦਿੱਤਾ ਜਾ ਰਿਹੈ, ਪਾਣੀ ਦੀ ਘਾਟ ਕਰਕੇ ਕਿਸਾਨਾਂ ਨੂੰ ਖੇਤੀ ਕਰਨੀ ਮੁਸ਼ਕਲ ਹੋ ਗਈ ਹੈ, ਰੁਜ਼ਗਾਰ ਦੀ ਭਾਲ ’ਚ ਲੋਕਾਂ ਨੂੰ ਜਬਰੀ ਪਰਵਾਸ ਲਈ ਮਜਬੂਰ ਕੀਤਾ ਜਾ ਰਿਹੈ।’
ਅਸਾਮ ਵਿੱਚ ਚੋਣ ਰੈਲੀ ਦੌਰਾਨ ਕਾਂਗਰਸ ’ਤੇ ਵਰ੍ਹਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦੀ ਪੁਰਾਣੀ ਪਾਰਟੀ ਲੋਕਾਂ ਨੂੰ ਗੁੰਮਰਾਹ ਕਰਨ ਤੇ ਵੋਟਾਂ ਬਟੋਰਨ ਲਈ ਕਿਸੇ ਵੀ ਹੱਦ ’ਤੇ ਜਾ ਸਕਦੀ ਹੈ। ਅਸਾਮ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਕਾਂਗਰਸ ਇੰਨੀ ਕੁ ਕਮਜ਼ੋਰ ਹੋ ਗਈ ਹੈ ਕਿ ਕਿਸੇ ਵੀ ਪਾਰਟੀ ਨਾਲ ਗੱਠਜੋੜ ਤੇ ਵੋਟਾਂ ਹਾਸਲ ਕਰਨ ਲਈ ਲੋਕਾਂ ਨੂੰ ਗੁੰਮਰਾਹ ਵੀ ਕਰ ਸਕਦੀ ਹੈ।’ ਇਸੇ ਦੌਰਾਨ ਪੂਰਬੀ ਮਿਦਨਾਪੁਰ ਦੇ ਨੰਦੀਗ੍ਰਾਮ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੇ ਹਮਾਇਤੀਆਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਇਕ ਭਾਜਪਾ ਵਰਕਰ ਜ਼ਖ਼ਮੀ ਹੋ ਗਿਆ। -ਪੀਟੀਆਈ
ਬੰਗਾਲ ਚੋਣਾਂ ਜਿੱਤਣ ਮਗਰੋਂ ਦਿੱਲੀ ਵਿੱਚ ‘ਪਰਿਵਰਤਨ’ ਲਿਆਵਾਂਗੇ: ਮਮਤਾ
ਕਲਾਈਕੁੰਡਾ (ਪੱਛਮੀ ਬੰਗਾਲ)/ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਅੱਜ ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਪਿੱਤਰੀ ਰਾਜ ਦੀਆਂ ਅਸੈਂਬਲੀ ਚੋਣਾਂ ਜਿੱਤਣ ਮਗਰੋਂ ਦਿੱਲੀ ਵਿੱਚ ‘ਤਬਦੀਲੀ’ ਲਿਆਏਗੀ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਪੱਛਮੀ ਬੰਗਾਲ ਨੂੰ ਆਪਣੀ ਪੂਰੀ ਤਾਕਤ ਨਾਲ ਨਿਸ਼ਾਨਾ ਬਣਾ ਰਹੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਵਿਧਾਨ ਸਭਾ ਚੋਣਾਂ ਜਿੱਤਣ ਬਾਅਦ ਉਹ (ਮਮਤਾ) ਦਿੱਲੀ ਦਾ ਰੁਖ਼ ਕਰੇਗੀ। ਇਸ ਦੌਰਾਨ ਮਮਤਾ ਨੇ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੂੰ ਠਿੱਬੀ ਲਾਉਣ ਲਈ ਉਪ ਰਾਜਪਾਲ ਨੂੰ ਵਾਧੂ ਤਾਕਤਾਂ ਦੇਣ ਨਾਲ ਸਬੰਧਤ ਬਿੱਲ ਸੰਸਦ ਵਿੱਚ ਲਿਆਂਦੇ ਜਾਣ ਨੂੰ ਭਾਰਤ ਦੇ ਸੰਘੀ ਢਾਂਚੇ ’ਤੇ ‘ਸਰਜੀਕਲ ਸਟ੍ਰਾਈਕ’ ਕਰਾਰ ਦਿੱਤਾ ਹੈ। ਮਮਤਾ ਨੇ ਦਿੱਲੀ ਦੇ ਆਪਣੇ ਹਮਰੁਤਬਾ ਨੂੰ ਪੱਤਰ ਲਿਖ ਕੇ ਹਰ ਸੰਭਵ ਹਮਾਇਤ ਦਾ ਭਰੋਸਾ ਦਿੱਤਾ ਹੈ। -ਪੀਟੀਆਈ